ਤ੍ਰਿਪੁਰਾ ''ਚ ਭਾਜਪਾ ਦੀ ਜਿੱਤ ਤੋਂ ਬਾਅਦ ਲੈਨਿਨ, ਪੇਰੀਆਰ, ਮੁਖਰਜੀ ਅਤੇ ਅੰਬੇਡਕਰ ਦੀਆਂ ਮੂਰਤੀਆਂ ਦੀ ਭੰਨ-ਤੋੜ ਤੇ ਹਿੰਸਾ

03/08/2018 7:34:38 AM

ਬੇਸ਼ੱਕ ਤ੍ਰਿਪੁਰਾ 'ਤੇ ਮਾਕਪਾ ਦੇ 25 ਵਰ੍ਹਿਆਂ ਦੇ ਸ਼ਾਸਨਕਾਲ ਦੌਰਾਨ 20 ਸਾਲਾਂ ਤਕ ਰਾਜ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਮਾਣਿਕ ਸਰਕਾਰ ਇਕ ਸਾਦਗੀ-ਪਸੰਦ ਅਤੇ ਈਮਾਨਦਾਰ ਨੇਤਾ ਹਨ ਪਰ ਉਨ੍ਹਾਂ ਵਲੋਂ ਸਹੀ ਚੋਣ ਰਣਨੀਤੀ ਨਾ ਬਣਾਉਣ ਅਤੇ ਸਹਿਯੋਗੀ ਪਾਰਟੀਆਂ ਨਾਲ ਸਮਝੌਤਾ ਨਾ ਕਰਨ ਦੀ ਸਜ਼ਾ ਪਾਰਟੀ ਨੂੰ ਮਿਲੀ। ਇਕ ਪਾਸੇ ਭਾਜਪਾ ਉੱਤਰ-ਪੂਰਬ ਦੇ ਤਿੰਨਾਂ ਸੂਬਿਆਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੀ ਸੱਤਾ 'ਤੇ ਕਬਜ਼ਾ ਕਰਨ ਦਾ ਜਸ਼ਨ ਮਨਾ ਰਹੀ ਹੈ ਤਾਂ ਦੂਜੇ ਪਾਸੇ  ਤ੍ਰਿਪੁਰਾ 'ਚ ਭਾਜਪਾ ਦੀ ਇਤਿਹਾਸਕ ਜਿੱਤ ਮਗਰੋਂ 5 ਮਾਰਚ ਨੂੰ ਦੱਖਣੀ ਤ੍ਰਿਪੁਰਾ ਦੇ 'ਬੇਲੋਨੀਆ' ਸ਼ਹਿਰ 'ਚ ਸਥਾਪਿਤ 1917 ਦੀ ਰੂਸੀ ਕ੍ਰਾਂਤੀ ਦੇ ਨਾਇਕ ਵਲਾਦੀਮੀਰ ਲੈਨਿਨ ਦੀ 5 ਫੁੱਟ ਉੱਚੀ ਮੂਰਤੀ ਤੋੜ ਦੇਣ ਨਾਲ ਤਣਾਅ ਪੈਦਾ ਹੋ ਗਿਆ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਇਕ ਵੀਡੀਓ ਵਿਚ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਾਉਂਦਿਆਂ ਅਤੇ ਭਾਜਪਾ ਦੀ ਟੋਪੀ ਪਹਿਨੀ ਲੋਕਾਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਮੂਰਤੀ ਨੂੰ ਡੇਗਦਿਆਂ ਦਿਖਾਇਆ ਗਿਆ ਹੈ। ਫਿਰ 6 ਮਾਰਚ ਨੂੰ ਬੇਲੋਨੀਆ ਤੋਂ ਲੱਗਭਗ 50 ਕਿਲੋਮੀਟਰ ਦੂਰ 'ਸਬਰੂਮ' ਦੇ ਮੋਟਰ ਸਟੈਂਡ ਇਲਾਕੇ 'ਚ ਲੈਨਿਨ ਦੀ ਇਕ ਹੋਰ ਮੂਰਤੀ ਤੋੜ ਦਿੱਤੀ ਗਈ। ਇਸ ਤੋਂ ਬਾਅਦ ਤ੍ਰਿਪੁਰਾ ਦੇ 13 ਜ਼ਿਲਿਆਂ 'ਚ ਹਿੰਸਾ ਭੜਕ ਉੱਠੀ ਤੇ ਵੱਖ-ਵੱਖ ਹਿੱਸਿਆਂ 'ਚ ਧਾਰਾ-144 ਲਾਉਣ ਦੇ ਨਾਲ ਹੀ ਵੱਡੀ ਗਿਣਤੀ 'ਚ ਨੀਮ ਫੌਜੀ ਬਲ ਤਾਇਨਾਤ ਕਰਨੇ ਪਏ।
ਮਾਕਪਾ ਦੇ ਸੂਬਾ ਸਕੱਤਰ ਬਿਜਾਨ ਧਰ ਨੇ ਤ੍ਰਿਪੁਰਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ 200 ਤੋਂ ਜ਼ਿਆਦਾ ਥਾਵਾਂ 'ਤੇ ਹੋਈ ਹਿੰਸਾ 'ਚ ਪਾਰਟੀ ਦੇ ਘੱਟੋ-ਘੱਟ 514 ਵਰਕਰਾਂ ਨਾਲ ਮਾਰ-ਕੁਟਾਈ, 1539 ਮਕਾਨਾਂ, 134 ਦਫਤਰਾਂ 'ਤੇ ਹਮਲੇ, ਲੁੱਟ-ਮਾਰ ਅਤੇ 90 ਦਫਤਰਾਂ 'ਤੇ ਕਬਜ਼ਾ ਕਰਨ, 196 ਮਕਾਨਾਂ ਤੇ 60 ਦਫਤਰਾਂ ਨੂੰ ਸਾੜਨ ਦਾ ਦੋਸ਼ ਲਾਇਆ ਹੈ।
ਜਿਥੇ ਮਾਕਪਾ ਨੇ ਭਾਜਪਾ 'ਤੇ ਸੂਬੇ 'ਚ ਦਹਿਸ਼ਤ ਫੈਲਾਉਣ ਦਾ ਦੋਸ਼ ਲਾਇਆ ਹੈ, ਉਥੇ ਹੀ ਭਾਜਪਾ ਦੇ ਕੌਮੀ ਸਕੱਤਰ ਐੱਚ. ਰਾਜਾ ਨੇ ਤਾਮਿਲਨਾਡੂ 'ਚ ਦ੍ਰਾਵਿੜ ਅੰਦੋਲਨ ਦੇ ਬਾਨੀ ਅਤੇ ਮਹਾਨ ਸਮਾਜ ਸੁਧਾਰਕ ਈ. ਵੀ. ਰਾਮਾਸਵਾਮੀ ਪੇਰੀਆਰ ਨੂੰ ਅਪਸ਼ਬਦ ਕਹਿ ਕੇ ਅਤੇ ਉਨ੍ਹਾਂ ਦੀ ਮੂਰਤੀ ਤੋੜਨ ਦੀ ਅਪੀਲ ਕਰ ਕੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ।
ਰਾਜਾ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਲਿਖਿਆ, ''ਲੈਨਿਨ ਕੌਣ ਹਨ? ਭਾਰਤ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ? ਖੱਬੇਪੱਖੀਆਂ ਦਾ ਭਾਰਤ ਨਾਲ ਕੀ ਰਿਸ਼ਤਾ ਹੈ? ਤ੍ਰਿਪੁਰਾ 'ਚ ਲੈਨਿਨ ਦੀ ਮੂਰਤੀ ਤੋੜੀ ਗਈ ਹੈ। ਅੱਜ ਲੈਨਿਨ ਦੀ ਮੂਰਤੀ, ਕੱਲ ਤਾਮਿਲਨਾਡੂ ਦੇ ਈ. ਵੀ. ਰਾਮਾਸਵਾਮੀ (ਪੇਰੀਆਰ) ਦੀ ਮੂਰਤੀ ਤੋੜ ਦਿੱਤੀ ਜਾਵੇਗੀ।''
6 ਮਾਰਚ ਦੀ ਰਾਤ ਨੂੰ ਤਾਮਿਲਨਾਡੂ ਦੇ ਵੇਲੋਰ ਜ਼ਿਲੇ 'ਚ ਰਾਮਾਸਵਾਮੀ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਨਾਲ ਤਾਮਿਲਨਾਡੂ 'ਚ ਹਾਲਾਤ ਵਿਗੜਨ ਦਾ ਖਦਸ਼ਾ ਪੈਦਾ ਹੋ ਗਿਆ। ਇਸ ਸਿਲਸਿਲੇ 'ਚ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ 'ਚੋਂ ਇਕ ਦਾ ਨਾਂ ਮੁਰੂਗਾਨੰਦਮ ਹੈ, ਜੋ ਵੇਲੋਰ 'ਚ ਭਾਜਪਾ ਦਾ ਸ਼ਹਿਰੀ ਜਨਰਲ ਸਕੱਤਰ ਹੈ। 
ਇਸ ਦੀ ਪ੍ਰਤੀਕਿਰਿਆ ਦੇਸ਼ ਦੇ ਦੂਜੇ ਸੂਬਿਆਂ 'ਚ ਵੀ ਹੁੰਦੀ ਨਜ਼ਰ ਆਉਣ ਲੱਗੀ ਹੈ। 6 ਮਾਰਚ ਦੀ ਰਾਤ ਨੂੰ ਹੀ ਯੂ. ਪੀ.'ਚ ਮੇਰਠ ਜ਼ਿਲੇ ਦੇ ਮਵਾਨਾ 'ਚ ਅਣਪਛਾਤੇ  ਵਿਅਕਤੀਆਂ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ  ਅੰਬੇਡਕਰ ਦੀ ਮੂਰਤੀ ਨੂੰ ਤੋੜ ਦਿੱਤਾ।
7 ਮਾਰਚ ਨੂੰ ਤੜਕੇ ਤਾਮਿਲਨਾਡੂ 'ਚ ਕੋਇੰਬਟੂਰ ਦੇ ਚਿਥਾਪੁਡੁਰ 'ਚ ਲੱਗਭਗ ਸਾਢੇ ਤਿੰਨ ਵਜੇ ਕੁਝ ਅਣਪਛਾਤੇ ਹਮਲਾਵਰਾਂ ਨੇ ਭਾਜਪਾ ਦੇ ਦਫਤਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਇਸੇ ਦਿਨ ਬੰਗਾਲ 'ਚ ਦੱਖਣੀ ਕੋਲਕਾਤਾ ਦੇ ਤਰਾਤੱਲਾ ਇਲਾਕੇ ਵਿਚ 'ਜਨਸੰਘ' ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੂਰਤੀ ਨੂੰ ਕੁਝ ਲੋਕਾਂ ਨੇ ਨੁਕਸਾਨ ਪਹੁੰਚਾਇਆ ਤੇ ਉਸ ਦੇ ਮੂੰਹ 'ਤੇ ਸਿਆਹੀ ਵੀ ਮਲ਼ ਦਿੱਤੀ। 
ਮੂਰਤੀਆਂ ਤੋੜਨ ਦੀਆਂ ਲਗਾਤਾਰ ਆ ਰਹੀਆਂ ਖਬਰਾਂ 'ਤੇ ਜਿਥੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰਨਾਂ ਨੇਤਾਵਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ 7 ਮਾਰਚ ਨੂੰ ਸੰਸਦ 'ਚ ਇਸ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ, ਉਥੇ ਹੀ ਇਸ 'ਤੇ ਵੱਖ-ਵੱਖ ਪਾਰਟੀਆਂ ਵਲੋਂ ਦੂਸ਼ਣਬਾਜ਼ੀ ਵੀ ਸ਼ੁਰੂ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਬਾਰੇ ਗ੍ਰਹਿ ਮੰਤਰਾਲੇ ਤੋਂ ਜਵਾਬ ਮੰਗਿਆ ਹੈ। 
ਜਦ ਭਾਜਪਾ ਨੇ ਤ੍ਰਿਪੁਰਾ 'ਚ ਆਪਣੀ ਸਰਕਾਰ ਬਣਾ ਹੀ ਲਈ ਸੀ ਤਾਂ ਫਿਰ ਜਿੱਤ ਦੇ ਉਤਸ਼ਾਹ 'ਚ ਇਸ ਦੇ ਵਰਕਰਾਂ ਨੂੰ ਇਤਰਾਜ਼ਯੋਗ ਬਿਆਨ ਦੇਣ ਤੇ ਲੈਨਿਨ ਦੀਆਂ ਮੂਰਤੀਆਂ ਤੋੜਨ ਦੀ ਕੀ ਲੋੜ ਸੀ? 
ਅਜਿਹੀਆਂ ਘਟਨਾਵਾਂ ਨਾਲ ਦੇਸ਼ 'ਚ ਆਪਸੀ ਤਣਾਅ ਅਤੇ ਟਕਰਾਅ ਹੀ ਪੈਦਾ ਹੋ ਰਿਹਾ ਹੈ। ਇਸ ਨਾਲ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਹੋਵੇਗੀ, ਖੂਨ-ਖਰਾਬਾ ਹੋਵੇਗਾ, ਹਿੰਸਾ ਹੋਵੇਗੀ ਤੇ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਹੋਵੇਗਾ।
ਅਜਿਹਾ ਲੱਗਦਾ ਹੈ ਕਿ ਭਾਜਪਾ ਲੀਡਰਸ਼ਿਪ ਦਾ ਆਪਣੇ ਕਾਡਰ 'ਤੇ ਕੰਟਰੋਲ ਨਹੀਂ ਰਿਹਾ। ਲੋੜ ਲੋਕਾਂ 'ਤੇ ਆਪਣੀ ਵਿਚਾਰਧਾਰਾ ਨਾਲ ਜਿੱਤ ਪ੍ਰਾਪਤ ਕਰਨ, ਲੋਕਾਂ ਨੂੰ ਬਿਹਤਰ ਸ਼ਾਸਨ ਦੇਣ ਅਤੇ ਦੇਸ਼ ਨੂੰ ਬਿਹਤਰ ਬਣਾਉਣ ਦੀ ਹੈ, ਮੂਰਤੀਆਂ ਤੋੜਨ ਦੀ ਨਹੀਂ। 
—ਵਿਜੇ ਕੁਮਾਰ


Related News