ਉੱਤਰ-ਪੂਰਬ ਦੇ ਚੋਣ ਨਤੀਜਿਆਂ ਤੋਂ ''ਹੁਣ ਤਾਂ ਵਿਰੋਧੀ ਧਿਰ ਸਬਕ ਸਿੱਖੇ''

03/06/2018 6:31:05 AM

ਉੱਤਰ-ਪੂਰਬ ਦੇ ਤਿੰਨ ਸੂਬਿਆਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੇ ਚੋਣ ਨਤੀਜਿਆਂ 'ਚ ਭਾਜਪਾ ਨੂੰ ਤ੍ਰਿਪੁਰਾ 'ਚ ਸਭ ਤੋਂ ਜ਼ਿਆਦਾ ਫਾਇਦਾ ਹੋਇਆ। ਉਸ ਨੇ 'ਇੰਡੀਜੀਨੀਅਸ ਪੀਪਲਜ਼ ਫਰੰਟ ਆਫ ਤ੍ਰਿਪੁਰਾ' ਨਾਲ ਗੱਠਜੋੜ ਕਰ ਕੇ 60 'ਚੋਂ 43 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਅਤੇ ਮਾਕਪਾ ਨੂੰ 16 ਸੀਟਾਂ 'ਤੇ ਸੀਮਤ ਕਰ ਕੇ ਉਸ ਦਾ 25 ਸਾਲ ਪੁਰਾਣਾ ਲਾਲ ਕਿਲਾ ਢਾਹ ਦਿੱਤਾ, ਜਿਸ ਦੀ ਖੱਬੇਪੱਖੀਆਂ ਨੇ ਕਲਪਨਾ ਤਕ ਨਹੀਂ ਕੀਤੀ ਸੀ। 
2016 'ਚ ਬੰਗਾਲ 'ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਖੱਬੇਪੱਖੀਆਂ ਤੋਂ 34 ਸਾਲ ਪੁਰਾਣੀ ਸੱਤਾ ਖੋਹ ਲਈ ਸੀ ਤੇ ਹੁਣ ਤ੍ਰਿਪੁਰਾ 'ਚ ਖੱਬੇਪੱਖੀਆਂ ਦੀ ਹਾਰ ਤੋਂ ਬਾਅਦ ਦੇਸ਼ 'ਚ ਸਿਰਫ ਕੇਰਲਾ ਹੀ ਖੱਬੇਪੱਖੀਆਂ ਦੇ ਸ਼ਾਸਨ ਵਾਲਾ ਇਕੋ-ਇਕ ਸੂਬਾ ਬਚਿਆ ਹੈ।
ਅਸੀਂ ਆਪਣੇ 4 ਮਾਰਚ ਦੇ ਸੰਪਾਦਕੀ 'ਹਿਮਾਚਲ ਪ੍ਰਦੇਸ਼ 'ਚ ਇਕ ਦਿਨ' ਵਿਚ ਲਿਖਿਆ ਵੀ ਹੈ ਕਿ ''ਬਦਲ-ਬਦਲ  ਕੇ ਸਰਕਾਰਾਂ ਆਉਣ ਦੇ ਸਿੱਟੇ ਵਜੋਂ ਇਥੇ ਕਾਫੀ ਵਿਕਾਸ ਹੋਇਆ ਹੈ। ਸੂਬੇ ਨੇ ਲੱਗਭਗ ਸੌ ਫੀਸਦੀ ਸਾਖਰਤਾ ਦਰ ਹਾਸਲ ਕਰ ਲਈ ਹੈ ਅਤੇ ਕੇਰਲਾ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਹਿਮਾਚਲ ਦੇਸ਼ 'ਚ ਦੂਜਾ ਸੂਬਾ ਬਣ ਗਿਆ ਹੈ।''
ਇਸ ਦੇ ਨਾਲ ਹੀ ਅਸੀਂ ਹਮੇਸ਼ਾ ਇਹ ਵੀ ਕਿਹਾ ਹੈ ਕਿ ਕਾਂਗਰਸ, ਕਮਿਊਨਿਸਟਾਂ ਤੇ ਹੋਰ ਵਿਰੋਧੀ ਪਾਰਟੀਆਂ ਦਾ ਕਮਜ਼ੋਰ ਹੋਣਾ ਦੇਸ਼ ਦੇ ਹਿੱਤ 'ਚ ਨਹੀਂ ਹੈ ਤੇ ਦੇਸ਼  ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦੇਣ ਲਈ ਇਕਜੁੱਟ ਹੋ ਕੇ ਇਨ੍ਹਾਂ ਨੂੰ ਇਕ ਫਰੰਟ ਬਣਾਉਣਾ ਚਾਹੀਦਾ ਹੈ। 
ਇਹੋ ਗੱਲ ਕਮਿਊਨਿਸਟ ਪਾਰਟੀਆਂ 'ਤੇ ਵੀ ਲਾਗੂ ਹੁੰਦੀ ਹੈ। ਇਨ੍ਹਾਂ 'ਚ ਫੁੱਟ ਦੀ ਮਿਸਾਲ ਕੋਲਕਾਤਾ 'ਚ ਮਾਕਪਾ ਦੀ ਸੈਂਟਰਲ ਕਮੇਟੀ ਦੀ ਮੀਟਿੰਗ 'ਚ ਮਿਲੀ, ਜਦੋਂ 2019 ਦੀਆਂ ਚੋਣਾਂ 'ਚ ਕਾਂਗਰਸ ਨਾਲ ਗੱਠਜੋੜ ੇਦੇ ਸਵਾਲ 'ਤੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਾਰਤ ਦੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ, ਜਿਥੇ ਯੇਚੁਰੀ ਧੜਾ ਭਾਜਪਾ  ਨੂੰ ਟੱਕਰ ਦੇਣ ਲਈ ਕਾਂਗਰਸ ਨਾਲ ਹੱਥ ਮਿਲਾਉਣ ਦੇ ਪੱਖ 'ਚ ਹੈ, ਉਥੇ ਹੀ ਕਾਰਤ ਧੜਾ ਇਸ ਦੇ ਵਿਰੁੱਧ ਹੈ।
ਮੇਘਾਲਿਆ 'ਚ ਕਾਂਗਰਸ 21 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣੀ ਅਤੇ ਸਰਕਾਰ ਬਣਾਉਣ ਦੀ ਦਾਅਵੇਦਾਰ ਵੀ ਉਹੀ ਸੀ ਪਰ ਸਿਰਫ ਦੋ ਸੀਟਾਂ ਜਿੱਤਣ ਵਾਲੀ ਭਾਜਪਾ ਨੇ ਕਾਂਗਰਸ ਨੂੰ ਸਰਕਾਰ ਬਣਾਉਣ ਤੋਂ ਰੋਕ ਦਿੱਤਾ ਅਤੇ ਐੱਨ. ਪੀ. ਪੀ., ਯੂ. ਟੀ. ਪੀ. ਤੇ ਹੋਰਨਾਂ ਪਾਰਟੀਆਂ ਦੇ ਸਹਿਯੋਗ ਨਾਲ ਬਹੁਮਤ ਲਾਇਕ ਮੈਂਬਰਾਂ ਦਾ ਅੰਕੜਾ ਜੁਟਾ ਲਿਆ।  
ਭਾਜਪਾ ਲੀਡਰਸ਼ਿਪ ਨੇ ਆਪਣੀ ਚੋਣ ਮੈਨੇਜਮੈਂਟ ਗੋਆ 'ਚ ਵੀ ਦਿਖਾਈ ਸੀ, ਜਦੋਂ ਪਾਰਟੀ ਨੇ 13 ਸੀਟਾਂ ਜਿੱਤਣ ਦੇ ਬਾਵਜੂਦ 40 ਸੀਟਾਂ ਵਾਲੀ ਗੋਆ ਵਿਧਾਨ ਸਭਾ 'ਚ ਬਹੁਮਤ ਦੇ ਲਾਇਕ ਵਿਧਾਇਕ ਹਾਸਲ ਕਰ ਲਏ ਅਤੇ ਕਾਂਗਰਸ 17 ਸੀਟਾਂ ਜਿੱਤਣ ਦੇ ਬਾਵਜੂਦ ਬਹੁਮਤ ਲਈ ਜ਼ਰੂਰੀ 4 ਮੈਂਬਰਾਂ ਦਾ ਪ੍ਰਬੰਧ ਵੀ ਨਹੀਂ ਕਰ ਸਕੀ।
ਅੱਜ ਹਰੇਕ ਪਾਰਟੀ ਇਕੱਲੀ ਚੱਲਣਾ ਚਾਹੁੰਦੀ ਹੈ ਤੇ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਵੱਖ-ਵੱਖ ਪਾਰਟੀਆਂ ਦੀ ਏਕਤਾ 'ਚ ਇਨ੍ਹਾਂ ਦੇ ਨੇਤਾਵਾਂ ਦੀ ਹਉਮੈ ਸਭ ਤੋਂ ਵੱਡੀ ਰੁਕਾਵਟ ਹੈ। ਜਦੋਂ ਤਕ ਉਹ ਹਉਮੈ ਨਹੀਂ ਤਿਆਗਣਗੇ, ਮਾਰ ਪੈਂਦੀ ਰਹੇਗੀ। ਮਮਤਾ ਬੈਨਰਜੀ ਨੇ ਵੀ ਕਿਹਾ ਹੈ ਕਿ ਕਾਂਗਰਸ ਜੇਕਰ ਤ੍ਰਿਪੁਰਾ 'ਚ ਤ੍ਰਿਣਮੂਲ ਕਾਂਗਰਸ ਅਤੇ ਸਥਾਨਕ ਆਦੀਵਾਸੀ ਪਾਰਟੀਆਂ ਨਾਲ ਗੱਠਜੋੜ ਕਰ ਲੈਂਦੀ ਤਾਂ ਉਥੇ ਨਤੀਜੇ ਅਜਿਹੇ ਨਾ ਹੁੰਦੇ।
ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਦੇਸ਼ 'ਚ ਤਬਦੀਲੀ ਲਈ ਹਮਖਿਆਲੀ ਗੈਰ-ਕਾਂਗਰਸ ਤੇ ਗੈਰ-ਭਾਜਪਾ ਪਾਰਟੀਆਂ ਦਾ ਇਕ ਮੰਚ ਬਣਾਉਣ ਦੀ ਲੋੜ ਦੱਸੀ ਹੈ ਤੇ ਕਿਹਾ ਹੈ ਕਿ ਇਕ ਤੀਜੇ ਮੋਰਚੇ ਦਾ ਬਣਨਾ ਜ਼ਰੂਰੀ ਹੋ ਗਿਆ ਹੈ।
ਮਮਤਾ ਬੈਨਰਜੀ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਤੇ ਇਸ ਵਲੋਂ ਸ਼ਿਵ ਸੈਨਾ, ਆਮ ਆਦਮੀ ਪਾਰਟੀ, ਬੀਜੂ ਜਨਤਾ ਦਲ ਤੇ ਤੇਲਗੂ ਦੇਸ਼ਮ ਪਾਰਟੀ ਨਾਲ ਸੰਪਰਕ ਕੀਤੇ ਜਾਣ ਦੀ ਚਰਚਾ ਹੈ। ਯੂ. ਪੀ. ਦੀਆਂ ਉਪ-ਚੋਣਾਂ ਵਿਚ ਆਪਸ 'ਚ ਗੱਠਜੋੜ ਕੀਤੇ ਬਿਨਾਂ ਸਪਾ ਤੇ ਬਸਪਾ ਇਕੱਠੀਆਂ ਹੋ ਗਈਆਂ ਹਨ। 
ਤ੍ਰਿਪੁਰਾ 'ਚ ਹਾਰ ਤੋਂ ਬਾਅਦ ਮਾਕਪਾ ਅੰਦਰ ਕਾਂਗਰਸ ਨਾਲ ਤਾਲਮੇਲ ਬਿਠਾਉਣ ਦੀ ਮੰਗ ਉੱਠਣ ਲੱਗੀ ਹੈ। ਕਾਂਗਰਸ ਦਾ ਇਕ ਵਰਗ ਵੀ ਮੰਨ ਰਿਹਾ ਹੈ ਕਿ ਧਰਮ- ਨਿਰਪੱਖ ਪਾਰਟੀਆਂ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਆਪਸ 'ਚ ਚੋਣ ਤਾਲਮੇਲ ਕਰਨਾ ਪਵੇਗਾ।
ਸੀਨੀਅਰ ਕਾਂਗਰਸੀ ਆਗੂ ਐੱਮ. ਵੀਰੱਪਾ ਮੋਇਲੀ ਨੇ ਵੀ ਕਿਹਾ ਹੈ ਕਿ ''ਜਦ ਅਸੀਂ ਭਾਜਪਾ ਵਰਗੀ ਫਿਰਕੂ ਤਾਕਤ ਦਾ ਸਾਹਮਣਾ ਕਰ ਰਹੇ ਹਾਂ ਤਾਂ ਗੈਰ-ਫਿਰਕੂ ਲੋਕ ਅਤੇ ਧਰਮ-ਨਿਰਪੱਖ ਪਾਰਟੀਆਂ ਅੱਡ-ਅੱਡ ਰਹਿ ਕੇ ਕੰਮ ਨਹੀਂ ਕਰ ਸਕਦੀਆਂ।''
ਇਸੇ ਤਰ੍ਹਾਂ ਕਾਂਗਰਸ ਦੇ ਇਕ ਹੋਰ ਸੀਨੀਅਰ ਆਗੂ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ''ਭਾਰਤ 'ਚ ਲੈਫਟ ਨੂੰ ਮਜ਼ਬੂਤ ਹੋਣਾ ਪਵੇਗਾ। ਇਸ ਦੀ ਹਾਰ ਦੇਸ਼ ਲਈ ਤਬਾਹਕੁੰਨ ਹੈ, ਭਾਰਤ ਇਸ ਨੂੰ ਸਹਿਣ ਨਹੀਂ ਕਰ ਸਕੇਗਾ।''
ਜੇ ਉਕਤ ਸੂਬਿਆਂ 'ਚ ਕਾਂਗਰਸ, ਕਮਿਊਨਿਸਟ ਤੇ ਹੋਰ ਵਿਰੋਧੀ ਪਾਰਟੀਆਂ ਇਕ ਮੋਰਚਾ ਬਣਾ ਕੇ ਚੋਣਾਂ ਲੜਦੀਆਂ ਤਾਂ ਨਤੀਜੇ ਵੱਖਰੇ ਹੁੰਦੇ। ਅੱਜ ਜਦੋਂ ਦੇਸ਼ ਦੀਆਂ ਵੱਖ-ਵੱਖ ਪਾਰਟੀਆਂ ਅੰਦਰੂਨੀ ਕਲੇਸ਼ ਅਤੇ ਫੁੱਟ ਦਾ ਸ਼ਿਕਾਰ ਹੋ ਰਹੀਆਂ ਹਨ, ਜੇ ਆਪਸੀ ਮਤਭੇਦ ਭੁਲਾ ਕੇ ਆਪਣੇ ਸਾਂਝੇ ਮੋਰਚੇ ਬਣਾ ਲੈਣ ਤਾਂ ਨਾ ਸਿਰਫ ਇਹ ਉਨ੍ਹਾਂ ਲਈ ਸਗੋਂ ਦੇਸ਼ ਲਈ ਵੀ ਚੰਗਾ ਹੋਵੇਗਾ।                               
—ਵਿਜੇ ਕੁਮਾਰ


Vijay Kumar Chopra

Chief Editor

Related News