ਸਿੰਜਾਈ ਵਿਭਾਗ ਨੇ 1134 ਖਾਲ ਬਹਾਲ ਕਰ ਕੇ 21,437 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੇਣ ਦਾ ਟੀਚਾ ਮਿਥਿਆ
Tuesday, Jun 20, 2023 - 01:58 PM (IST)

ਪਟਿਆਲਾ (ਜ. ਬ., ਲਖਵਿੰਦਰ) : ਸਿੰਜਾਈ ਵਿਭਾਗ ਨੇ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿਚ 1134 ਖਾਲ ਬਹਾਲ ਕਰ ਕੇ 21,437 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੇਣ ਦਾ ਟੀਚਾ ਮਿਥਿਆ ਹੈ। ਇਨ੍ਹਾਂ 2 ਜ਼ਿਲ੍ਹਿਆਂ ਵਿਚ 9 ਜ਼ਿਲ੍ਹੇਦਾਰੀਆਂ ਦੇਵੀਗੜ੍ਹ ਸਿੰਜਾਈ ਮੰਡਲ ਅਧੀਨ ਆਉਂਦੀਆਂ ਹਨ। ਇਨ੍ਹਾਂ ਜ਼ਿਲ੍ਹੇਦਾਰੀਆਂ ਵਿਚ ਰਾਜਪੁਰਾ, ਆਦਮਪੁਰ, ਬਨੂੜ, ਸੀਲ, ਦੇਵੀਗੜ੍ਹ, ਦੇਦਨਾ, ਢਕੜੱਬਾ, ਭਾਦਸੋਂ ਅਤੇ ਅਮਲੋਹ ਜ਼ਿਲ੍ਹੇਦਾਰੀਆਂ ਸ਼ਾਮਲ ਹਨ।
ਸਿੰਜਾਈ ਵਿਭਾਗ ਨੇ ਐਤਕੀਂ ਪਿਛਲੇ ਸਾਲਾਂ ਤੋਂ ਬੰਦ ਪਏ 1134 ਖਾਲ ਬਹਾਲ ਕਰ ਲਏ ਹਨ। ਇਨ੍ਹਾਂ ਖਾਲਾਂ ਦੇ ਬਹਾਲ ਹੋਣ ਨਾਲ ਪਹਿਲਾਂ ਦੇ ਮੁਕਾਬਲੇ 21,437 ਏਕੜ ਵਾਧੂ ਜ਼ਮੀਨ ਨੂੰ ਨਹਿਰੀ ਪਾਣੀ ਮਿਲ ਸਕੇਗਾ। ਜ਼ਿਆਦਾਤਰ ਖਾਲਾਂ ਦੀ ਸਫ਼ਾਈ ਹੋ ਚੁੱਕੀ ਹੈ ਤੇ ਅਨੇਕਾਂ ਥਾਵਾਂ ’ਤੇ ਭਾਈਚਾਰਕ ਸਾਂਝ ਨਾਲ ਖਾਲ ਚਾਲੂ ਹਾਲਤ ਵਿਚ ਹੋ ਗਏ ਹਨ। ਕੁਝ ਥਾਵਾਂ ’ਤੇ ਤਕਨੀਕੀ ਤਰੁੱਟੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਵਾਸਤੇ ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਮਿਲੇ ਅੰਕੜਿਆਂ ਮੁਤਾਬਕ ਰਾਜਪੁਰਾ ਜ਼ਿਲ੍ਹੇਦਾਰੀ ’ਚ 90 ਖਾਲ ਬਹਾਲ ਕੀਤੇ ਗਏ ਹਨ, ਜਿਸ ਨਾਲ 749 ਏਕੜ ਵਾਧੂ ਜ਼ਮੀਨ ਨੂੰ ਪਾਣੀ ਮਿਲ ਸਕੇਗਾ। ਆਦਮਪੁਰ ਵਿਚ 136 ਖਾਲ ਬਹਾਲ ਕੀਤੇ ਗਏ ਹਨ, ਜਿਸ ਨਾਲ 425 ਏਕੜ ਜ਼ਮੀਨ ਨਹਿਰੀ ਪਾਣੀ ਨਾਲ ਸਿੰਜੀ ਜਾ ਸਕੇਗੀ।
ਇਸੇ ਤਰੀਕੇ ਬਨੂੜ ਵਿਚ 251 ਖਾਲ ਬਹਾਲ ਕੀਤੇ ਗਏ ਹਨ, ਜਿਸ ਨਾਲ 9021 ਏਕੜ ਜ਼ਮੀਨ ਨਹਿਰੀ ਪਾਣੀ ਨਾਲ ਸਿੰਜਾਈ ਦੇ ਯੋਗ ਬਣ ਸਕੇਗੀ। ਸੀਲ ਜ਼ਿਲ੍ਹੇਦਾਰੀ ਵਿਚ 42 ਖਾਲ ਬਹਾਲ ਹੋਣ ਨਾਲ 1663 ਏਕੜ ਜ਼ਮੀਨ, ਦੇਵੀਗੜ ਵਿਚ 170 ਖਾਲ ਬਹਾਲ ਹੋਣ ਨਾਲ 1831 ਏਕੜ ਜ਼ਮੀਨ, ਦੇਦਨਾ ਜ਼ਿਲ੍ਹੇਦਾਰੀ ਵਿਚ 185 ਖਾਲ ਬਹਾਲ ਹੋਣ ਨਾਲ 7070 ਏਕੜ ਜ਼ਮੀਨ, ਢਕੜੱਬਾ ਵਿਚ 69 ਖਾਲ ਬਹਾਲ ਹੋਣ ਨਾਲ 65 ਏਕੜ ਜ਼ਮੀਨ ਅਤੇ ਭਾਦਸੋਂ ਜ਼ਿਲ੍ਹੇਦਾਰੀ ਵਿਚ 36 ਖਾਲ ਬਹਾਲ ਹੋਣ ਨਾਲ 613 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਨਾਲ ਸਿੰਜਾਈ ਮਿਲ ਸਕੇਗੀ। ਅਮਲੋਹ ਜ਼ਿਲ੍ਹੇਦਾਰੀ ਵਿਚ ਵੀ 155 ਖਾਲ ਬਹਾਲ ਕੀਤੇ ਗਏ ਹਨ।