ਛੇਵੇਂ ਪੇਅ ਕਮਿਸ਼ਨ ਖ਼ਿਲਾਫ਼ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਪੱਧਰੀ ਰੋਸ ਰੈਲੀ

08/05/2021 4:11:10 PM

ਪਟਿਆਲਾ : ਖੇਤੀਬਾੜੀ ਸਬ-ਇੰਸਪੈਕਟਰ ਐਸ਼ੋਸੀਏਸਨ ਪੰਜਾਬ ਵੱਲੋਂ ਮਿਤੀ 06-08-2021 ਨੂੰ ਇੱਕ ਦਿਨਾਂ ਸੂਬਾ ਪੱਧਰੀ ਰੋਸ ਰੈਲੀ ਪਟਿਆਲਾ ਵਿਖੇ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ  ਪੰਜਾਬ ਭਰ ਤੋਂ ਖੇਤੀਬਾੜੀ ਸਬ-ਇੰਸਪੈਕਟਰ ਹਿੱਸਾ ਲੈਣਗੇ। ਰੋਸ ਰੈਲੀ ਦਾ ਮੁੱਖ ਮੰਤਵ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਸਬ-ਇੰਸਪੈਕਟਰ ਐਸ਼ੋਸੀਏਸਨ ਦੀਆਂ ਮੰਗਾਂ ਪੰਜਾਬ ਸਰਕਾਰ ਵੱਲੋਂ ਨਾ ਮੰਨੇ ਜਾਣਾ, ਛੇਵੇਂ ਪੇਅ-ਕਮਿਸ਼ਨ, ਫੋਨ-ਭੱਤੇ ਕੱਟੇ ਜਾਣਾ ਅਤੇ ਬੇਹੱਦ ਮਹੱਤਵਪੂਰਨ ਖੇਤੀ ਵਿਕਾਸ ਦੀਆਂ ਸੇਵਾਵਾਂ ਦੇ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਗਰੇਡ ਪੇਅ ਸਰਕਾਰ ਵੱਲੋਂ ਦਿੱਤਾ ਜਾਣਾ ਆਦਿ ਮੁੱਖ ਮੰਗਾਂ ਹਨ।

ਐਸ਼ੋਸੀਏਸਨ ਦੇ ਪ੍ਰਧਾਨ  ਨਰੇਸ਼ ਕੁਮਾਰ ਸੈਣੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ਦੇ ਸਮੁੱਚੇ ਖੇਤੀਬਾੜੀ ਸਬ-ਇੰਸਪੈਕਟਰ ਇੱਕਠੇ ਹੋ ਕੇ ਪਟਿਆਲਾ ਸ਼ਹਿਰ ਵਿੱਚ ਰੋਸ ਰੈਲੀ ਕਰਨਗੇ ਅਤੇ ਸੁੱਤੀ ਹੋਈ ਸਰਕਾਰ ਨੂੰ ਆਪਣੀਆਂ ਮੁੱਖ ਮੰਗਾਂ ਪ੍ਰਵਾਨ ਕਰਵਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਇਸ ਸੂਬਾ ਪੱਧਰੀ ਰੈਲੀ ਦਾ ਪੂਰਨ ਰੋਡ ਮੈਪ ਵੀ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੂੰ ਅਗਾਊਂ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਮੁੱਖ ਮੰਗ ਵੈਟਨਰੀ ਇੰਸਪੈਕਟਰ ਦੇ ਬਰਾਬਰ ਪੇਅ ਪੇਰਿਟੀ ਹੈ ਕਿਉਕਿ ਦੋਵੇਂ ਹੀ ਪਾਸੇ ਬਰਾਬਰ ਯੋਗਤਾ ਤੇ ਬਰਾਬਰ ਹੀ ਵਿਭਾਗੀ ਰੂਲਜ਼ ਹਨ। ਸਾਲ 2006 ਦੇ ਪੇਅ-ਕਮਿਸ਼ਨ ਵਿੱਚ ਵੈਟਨਰੀ ਇੰਸਪੈਕਟਰਾਂ ਦਾ ਤਨਖ਼ਾਹ ਸਕੇਲ ਵਧਾ ਦਿੱਤਾ ਗਿਆ ਅਤੇ ਖੇਤੀਬਾੜੀ ਸਬ-ਇੰਸਪੈਕਟਰਾਂ ਨੂੰ ਬੁਰੀ ਤਰ੍ਹਾਂ ਨਜ਼ਰ-ਅੰਦਾਜ ਕੀਤਾ ਗਿਆ।

ਸਰਕਾਰ ਵੱਲੋਂ ਖੇਤੀ ਪਸਾਰ ਸੇਵਾਵਾਂ ਨਾਲ  ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪੇਅ-ਕਮਿਸ਼ਨ ਤੋਂ ਬਹੁਤ ਹੀ ਆਸਾਂ ਸਨ, ਪਰ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਅੱਤ ਦੀ ਇਸ ਮਹਿੰਗਾਈ ਦੇ ਦੌਰ ਵਿੱਚ ਪਰਿਵਾਰਾਂ ਦਾ ਪੇਟ ਪਾਲਣਾ ਔਖਾ ਹੋਇਆ ਹੈ। ਖੇਤੀਬਾੜੀ ਸਬ-ਇੰਸਪੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਢਲੇ ਅਤੇ ਕਾਮਯਾਬ ਕਾਮੇ ਵੱਜੋਂ ਆਪਣੇ ਫੀਲਡ ਦੇ ਦਿੱਤੇ ਗਏ ਕੰਮਾਂ ਨੂੰ ਨੇਪਰੇ ਚਾੜ੍ਹਦਾ ਹੈ ਅਤੇ ਜ਼ਿਲ੍ਹੇ ਦੇ ਸਮੂਹ ਕਿਸਾਨਾ ਨਾਲ ਸਿੱਧਾ ਰਾਬਤਾ ਰੱਖਦੇ ਹੋਏ ਖੇਤੀ ਵਿਕਾਸ ਦੇ ਕੰਮ ਕੀਤੇ ਜਾਂਦੇ ਹਨ। ਨਰੇਸ਼ ਕੁਮਾਰ ਸੈਣੀ ਨੇ ਕਿਹਾ ਹੈ ਕਿ ਸਮੁੱਚੇ ਪੰਜਾਬ ਦੇ ਮੁਲਾਜ਼ਮ ਇੱਕਜੁਟ ਹੋ ਗਏ ਹਨ ਅਤੇ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਪੰਜਾਬ ਸਰਕਾਰ ਤੋਂ ਲੈ ਕੇ ਹੀ ਰਹਿਣਗੇ ਅਤੇ ਜੇਕਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਪ੍ਰਤੀ ਢਿੱਲੀ ਕਾਰਗੁਜ਼ਾਰੀ ਦਿਖਾਈ ਗਈ ਤਾਂ ਸੰਘਰਸ਼ ਹੋਰ ਵੀ ਤਿੱਖੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਿਤੀ 06/08/2021 ਨੂੰ ਪੂਰੇ ਪੰਜਾਬ ਵਿੱਚ ਸਮੂਹ ਖੇਤੀਬਾੜੀ ਸਬ-ਇੰਸਪੈਕਟਰ ਸਮੂਹਿਕ ਛੁੱਟੀ ਲੈ ਕੇ ਪਟਿਆਲਾ ਵਿੱਚ ਹੋਣ ਵਾਲੀ ਰੋਸ ਰੈਲੀ ਵਿੱਚ ਹਾਜ਼ਰੀ ਭਰਨਗੇ।

ਸੁਖਪਾਲ ਸਿੰਘ
ਸੂਬਾ ਪ੍ਰੈੱਸ ਸਕੱਤਰ
ਖੇਤੀਬਾੜੀ ਸਬ-ਇੰਸਪੈਕਟਰ ਐਸੋਸੀਏਸ਼ਨ, ਪੰਜਾਬ।

 


Babita

Content Editor

Related News