ਦੀਵਾਨ ਟੋਡਰ ਮੱਲ ਹਾਲ 'ਚ ਬਾਬਾ ਫਤਹਿ ਸਿੰਘ ਦਾ ਮਾਨਇਆ ਗਿਆ ਜਨਮ ਦਿਹਾੜਾ

12/15/2019 11:49:27 AM

ਫ਼ਤਿਹਗੜ੍ਹ ਸਾਹਿਬ (ਜਗਦੇਵ)—ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁ. ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਗੁਰਮਤਿ ਸਮਾਗਮ ਦੀਵਾਨ ਟੋਡਰ ਮੱਲ ਹਾਲ ਵਿਖੇ ਕਰਵਾਇਆ ਗਿਆ। ਇਸ ਗੁਰਮਤਿ ਸਮਾਗਮ 'ਚ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਤੇ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁ. ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਆਪਣੀ ਹਾਜ਼ਰੀ ਲਗਵਾਈ।

ਇਸ ਮੌਕੇ ਪੰਥ ਦੇ ਕੀਰਤਨੀ ਤੇ ਵਿਦਵਾਨਾਂ 'ਚੋਂ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਵਾਲਿਆਂ ਦੇ ਜਥਿਆਂ ਵੱਲੋਂ ਸੰਗਤਾਂ ਨੂੰ ਇਲਾਹੀ ਕੀਰਤਨ ਨਾਲ ਨਿਹਾਲ ਕੀਤਾ ਗਿਆ, ਜਦੋਂ ਕਿ ਭਾਈ ਨਿਸ਼ਾਨ ਸਿੰਘ ਜੀ ਹੈੱਡ ਗ੍ਰੰਥੀ ਗੁ. ਬਾਬਾ ਬੀੜ ਬੁੱਢਾ ਸਾਹਿਬ ਤੇ ਗੁ. ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਭਾਈ ਅਵਤਾਰ ਸਿੰਘ ਰਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਸੰਗਤਾਂ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਵੱਖ-ਵੱਖ ਸਭਾ ਸੋਸਾਇਟੀਆਂ, ਕਲੱਬਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰ ਵੀ ਲਾਏ ਗਏ। ਇਸ ਗੁਰਮਤਿ ਸਮਾਗਮ 'ਚ ਇਲਾਕੇ ਤੋਂ ਇਲਾਵਾ ਦੂਸਰੇ ਜ਼ਿਲਿਆਂ ਦੀ ਸੰਗਤ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।

ਇਸ ਗੁਰਮਤਿ ਸਮਾਗਮ 'ਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਟਿੱਬਾ ਟਰੈਕਟਰ ਮਾਰਕਫੈੱਡ ਪੰਜਾਬ, ਹਰਵਿੰਦਰ ਸਿੰਘ ਬੱਬਲ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਹਿੰਦ, ਗੁਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੱਸੀ ਪਠਾਣਾਂ, ਜ਼ੈਲਦਾਰ ਸੁਖਵਿੰਦਰ ਸਿੰਘ ਘੁਮੰਡਗੜ੍ਹ, ਕੁਲਵਿੰਦਰ ਸਿੰਘ ਡੇਰਾ ਜ਼ਿਲਾ ਖਜ਼ਾਨਚੀ ਸ਼੍ਰੋਮਣੀ ਅਕਾਲੀ ਦਲ ਫ਼ਤਿਹਗੜ੍ਹ, ਗੁ. ਸ੍ਰੀ ਅੰਬ ਸਾਹਿਬ ਮੋਹਾਲੀ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ, ਗੁ. ਸ੍ਰੀ ਫਤਿਹਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਦਰਸ਼ਨ ਸਿੰਘ, ਹਰਜੀਤ ਸਿੰਘ ਰਿਕਾਰਡਕੀਪਰ, ਗੁਰਵਿੰਦਰ ਸਿੰਘ ਸੋਹੀ, ਯਾਦਵਿੰਦਰ ਸਿੰਘ ਤਲਾਣੀਆਂ ਤੇ ਨਰਿੰਦਰ ਸਿੰਘ ਰਸੀਦਪੁਰਾ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਦਿਲਕਸ਼ ਜੌਹਰ ਵੀ ਦਿਖਾਏ ਗਏ ਤੇ ਸੰਗਤਾਂ ਵੱਲੋਂ ਲੱਡੂ, ਬਰਫ਼ੀ ਵੰਡ ਕੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।


Shyna

Content Editor

Related News