ਟਵਿੱਟਰ 'ਤੇ 'ਸਰਗਰਮੀਆਂ' ਕਾਰਨ ਬਾਜਵਾ ਨੇ ਹਟਾਇਆ ਪਾਕਿ ਫੌਜ ਬੁਲਾਰਾ

01/16/2020 6:52:35 PM

ਨਵੀਂ ਦਿੱਲੀ/ਇਸਲਾਮਾਬਾਦ(ਆਈ.ਏ.ਐਨ.ਐਸ.)- ਪਾਕਿਸਤਾਨੀ ਫੌਜ ਨੇ ਆਪਣੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਦੀਆਂ ਟਵਿੱਟਰ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਤੋਂ ਪਰੇਸ਼ਾਨ ਹੋ ਕੇ ਵੀਰਵਾਰ ਨੂੰ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਉਹਨਾਂ ਦੀ ਥਾਂ ਮੇਜਰ ਜਨਰਲ ਬਾਬਰ ਇਫਤਿਖਾਰ ਨੂੰ ਲਗਾਇਆ ਗਿਆ ਹੈ।

ਇਸਲਾਮਾਬਾਦ ਦੇ ਸੂਤਰਾਂ ਨੇ ਦੱਸਿਆ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਉਸ ਫੌਜ ਬਾਰੇ ਮਖੌਲ ਨੂੰ ਦੇਖ ਕੇ ਪਰੇਸ਼ਾਨ ਸਨ ਜੋ ਗਫੂਰ ਦੇ ਗੁੰਝਲਦਾਰ ਸੋਸ਼ਲ ਮੀਡੀਆ ਰੁਝੇਵਿਆਂ ਕਾਰਨ ਸਾਹਮਣੇ ਆ ਰਹੇ ਸਨ ਇਸ ਸਭ ਨੂੰ ਦੇਖਦਿਆਂ ਉਹਨਾਂ ਨੂੰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਗਫੂਰ ਨੂੰ ਪਾਕਿਸਤਾਨ ਵਿਚ 40 ਡਵੀਜ਼ਨ ਓਕਰਾ ਦਾ ਜੀ.ਓ.ਸੀ. ਨਿਯੁਕਤ ਕੀਤਾ ਗਿਆ ਹੈ।

ਇਹ ਬਦਲਾਅ ਜੰਗੀ ਨਾਇਕ ਤੇ ਸੇਵਾਮੁਕਤ ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਡੈਨਜਿਲ ਕੀਲੋਰ ਦਾ ਵੀਡੀਓ ਪੋਸਟ ਕਰਨ ਲਈ ਗਫੂਰ ਨੂੰ ਟਰੋਲ ਕੀਤੇ ਜਾਣ ਦੇ ਕੁਝ ਦਿਨ ਬਾਅਦ ਆਇਆ ਹੈ। ਗਫੂਰ ਨੇ ਬਾਅਦ ਵਿਚ ਮੰਨਿਆ ਕਿ ਕੀਲੋਰ ਕਲਿੱਪ ਐਡਿਟਡ ਸੀ। ਇਕ ਹੋਰ ਮਾਮਲੇ 'ਚ ਉਹਨਾਂ ਨੇ ਇਕ ਪਾਕਿਸਤਾਨੀ ਪੱਤਰਕਾਰ ਸਨਾ ਬੁਚਾ 'ਤੇ ਟਵਿੱਟਰ 'ਤੇ ਟਿੱਪਣੀ ਕੀਤੀ ਸੀ। ਬਾਅਦ ਵਿਚ ਉਹਨਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਪੱਤਰਕਾਰੀ ਭਾਈਚਾਰੇ ਨੇ ਇਸ ਦਾ ਜਮ ਕੇ ਵਿਰੋਧ ਕੀਤਾ। ਇਸਲਾਮਾਬਾਦ ਦੇ ਸੂਤਰਾਂ ਨੇ ਦੱਸਿਆ ਕਿ ਜਨਰਲ ਬਾਜਵਾ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਗਫੂਰ ਟਵਿੱਟਰ 'ਤੇ ਵਧੇਰੇ ਸਰਗਰਮ ਰਹਿੰਦੇ ਸਨ, ਜਿਸ ਕਾਰਨ ਪਾਕਿਸਤਾਨੀ ਆਰਮੀ ਦਾ ਅਕਸ ਖਰਾਬ ਹੋ ਰਿਹਾ ਸੀ।


Baljit Singh

Content Editor

Related News