ਪਾਕਿ ’ਚ ਵਾਲਮੀਕਿ ਮੰਦਰ ਦੇ ਨਿਰਮਾਣ ਅਤੇ ਪੂਜਾ ਕਰਨ ਤੋਂ ਰੋਕਣ ’ਤੇ ਭਾਈਚਾਰੇ ’ਚ ਭਾਰੀ ਰੋਸ
Tuesday, Oct 11, 2022 - 06:16 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਲਰਕਾਨਾ ਦੇ ਘਾਸਪੀਦੀ ਇਲਾਕੇ ’ਚ 9 ਅਕਤੂਬਰ ਨੂੰ ਲਗਭਗ 80 ਸਾਲ ਪੁਰਾਣੇ ਵਾਲਮੀਕਿ ਮੰਦਰ ਦੇ ਨਿਰਮਾਣ ਨੂੰ ਰੋਕਣ ਅਤੇ ਮੰਦਰ ’ਚ ਪੂਜਾ ਕਰਨ ਤੋਂ ਰੋਕਣ ਦੇ ਚੱਲਦੇ ਵਾਲਮੀਕਿ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਦੀ ਇਸ ਭੇਦਭਾਵ ਵਾਲੀ ਨੀਤੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਕਸਬਾ ਲਰਕਾਨਾ ਵਿਚ ਪੁਰਾਣੇ ਘਾਸਪੀਦੀ ਇਲਾਕੇ ਵਿਚ ਵਾਲਮੀਕਿ ਫਿਰਕੇ ਦੇ ਲੋਕਾਂ ਨੇ ਇਹ ਦੋਸ਼ ਲਗਾ ਕੇ ਪ੍ਰਦਰਸ਼ਨ ਕੀਤਾ ਕਿ ਸਾਨੂੰ ਲਗਭਗ 80 ਸਾਲ ਪੁਰਾਣੇ ਵਾਲਮੀਕਿ ਮੰਦਰ ਵਿਚ ਪੂਜਾ ਅਰਚਨਾ ਨਹੀਂ ਕਰਨ ਦਿੱਤੀ ਗਈ। ਅਸੀ ਮੰਦਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨਾ ਸੀ, ਸਾਨੂੰ ਉਹ ਵੀ ਨਹੀਂ ਕਰਨ ਦਿੱਤਾ ਗਿਆ। ਇਸ ਕਸਬੇ ਵਿਚ ਵਾਲਮੀਕਿ ਫਿਰਕੇ ਦੇ 100 ਤੋਂ ਜ਼ਿਆਦਾ ਪਰਿਵਾਰ ਰਹਿ ਰਹੇ ਹਨ।
ਲੋਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਇਸ ਭੇਦਭਾਵ ਵਾਲੀ ਨੀਤੀ ਦੇ ਚੱਲਦੇ ਅਸੀ ਆਉਣ ਵਾਲੇ ਦਿਨਾਂ ’ਚ ਆਪਣੇ ਤਿਉਹਾਰ ਨਹੀਂ ਮਨਾ ਸਕਾਂਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੇ ਕੇ ਮੰਦਰ ਦੀ ਮੁਰੰਮਤ ਕਰਵਾਉਣ ਅਤੇ ਪੂਜਾ ਅਰਚਨਾ ਕਰ ਦੇਣ ਦੀ ਇਜਾਜਤ ਦੀ ਮੰਗ ਕੀਤੀ ਹੈ।