ਭਾਰੀ ਮੀਂਹ ਕਾਰਨ 40 ਲੋਕਾਂ ਦੀ ਮੌਤ; ਬੱਸ ਹਾਦਸੇ 'ਚ 17 ਦੀ ਮੌਤ

Tuesday, Jul 16, 2024 - 05:56 PM (IST)

ਭਾਰੀ ਮੀਂਹ ਕਾਰਨ 40 ਲੋਕਾਂ ਦੀ ਮੌਤ; ਬੱਸ ਹਾਦਸੇ 'ਚ 17 ਦੀ ਮੌਤ

ਇਸਲਾਮਾਬਾਦ (ਏਜੰਸੀ) : ਪੂਰਬੀ ਅਫਗਾਨਿਸਤਾਨ ‘ਚ ਭਾਰੀ ਮੀਂਹ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 350 ਜ਼ਖਮੀ ਹੋ ਗਏ। ਇਕ ਹੋਰ ਘਟਨਾ ਵਿਚ ਮੁੱਖ ਮਾਰਗ 'ਤੇ ਇਕ ਬੱਸ ਪਲਟਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜ਼ਮਾਨ ਅਮਰ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਨੰਗਰਹਾਰ ਸੂਬੇ 'ਚ ਆਏ ਤੂਫਾਨ 'ਚ 40 ਲੋਕ ਮਾਰੇ ਗਏ ਅਤੇ 347 ਜ਼ਖਮੀ ਹੋਏ।

ਬੁਲਾਰੇ ਅਨੁਸਾਰ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਬਾਈ ਬੁਲਾਰੇ ਸਦੀਕਉੱਲ੍ਹਾ ਕੁਰੈਸ਼ੀ ਅਨੁਸਾਰ ਮਰਨ ਵਾਲਿਆਂ ਵਿੱਚ ਸੁਰਖ ਰੋਡ ਜ਼ਿਲ੍ਹੇ ਦੇ ਇੱਕੋ ਪਰਿਵਾਰ ਦੇ ਪੰਜ ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੀ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰ ਦੇ ਚਾਰ ਹੋਰ ਮੈਂਬਰ ਵੀ ਜ਼ਖਮੀ ਹੋਏ ਹਨ। ਕੁਰੈਸ਼ੀ ਨੇ ਦੱਸਿਆ ਕਿ ਨੰਗਰਹਾਰ ਸੂਬੇ 'ਚ ਕਰੀਬ 400 ਘਰ ਅਤੇ 60 ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੈ ਅਤੇ ਸੰਚਾਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

ਕੁਰੈਸ਼ੀ ਨੇ ਕਿਹਾ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਅਬਦੁਲ ਵਲੀ (43) ਨਾਂ ਦੇ ਵਿਅਕਤੀ ਨੇ ਦੱਸਿਆ ਕਿ ਤੂਫਾਨ ਨੇ ਇਕ ਘੰਟੇ ਦੇ ਅੰਦਰ ਭਾਰੀ ਤਬਾਹੀ ਮਚਾਈ। ਉਸ ਨੇ ਕਿਹਾ, “ਹਵਾ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਸਭ ਕੁਝ ਉੱਡ ਗਿਆ। ਇਸ ਤੋਂ ਬਾਅਦ ਭਾਰੀ ਮੀਂਹ ਪਿਆ।'' ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚਾਰ ਸਾਲਾ ਬੇਟੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਇਸ ਦੌਰਾਨ ਤਾਲਿਬਾਨ ਦੀ ਸਰਕਾਰੀ ਸਮਾਚਾਰ ਏਜੰਸੀ 'ਬਖਤਰ' ਨੇ ਕਿਹਾ ਕਿ ਮੰਗਲਵਾਰ ਸਵੇਰੇ ਬਘਲਾਨ ਸੂਬੇ 'ਚ ਕਾਬੁਲ ਅਤੇ ਬਲਖ ਨੂੰ ਜੋੜਨ ਵਾਲੇ ਮੁੱਖ ਮਾਰਗ 'ਤੇ ਇਕ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 17 ਲੋਕ ਮਾਰੇ ਗਏ ਅਤੇ 34 ਹੋਰ ਜ਼ਖਮੀ ਹੋ ਗਏ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


author

Harinder Kaur

Content Editor

Related News