ਗ੍ਰਾਮੀਣ ਲੋਕਾਂ ਲਈ ਵਰਦਾਨ ਹੈ ਬੁਲੰਦ ਸ਼ਹਿਰ ਦਾ ‘ਪੜਦਾਦਾ-ਪੜਦਾਦੀ ਸਕੂਲ’

Thursday, Nov 05, 2020 - 06:29 PM (IST)

ਗ੍ਰਾਮੀਣ ਲੋਕਾਂ ਲਈ ਵਰਦਾਨ ਹੈ ਬੁਲੰਦ ਸ਼ਹਿਰ ਦਾ ‘ਪੜਦਾਦਾ-ਪੜਦਾਦੀ ਸਕੂਲ’

ਆਸ਼ੀਆ ਪੰਜਾਬੀ

ਉੱਤਰ ਪ੍ਰਦੇਸ਼ ਭਾਰਤ ਦਾ ਪੰਜਵਾਂ ਵੱਡਾ ਅਤੇ ਸਭ ਤੋਂ ਵਧੇਰੇ ਅਬਾਦੀ ਵਾਲਾ ਸੂਬਾ ਹੈ। ਜੇਕਰ ਸਿੱਖਿਆ ਦੇ ਅਧਾਰ 'ਤੇ ਗੱਲ ਕੀਤੀ ਜਾਵੇ ਤਾਂ ਮਰਦ ਪ੍ਰਧਾਨ ਸਮਾਜਿਕ ਸੰਰਚਨਾ ਦੇ ਤਾਣੇ-ਬਾਣੇ 'ਚ ਉਲਝੇ ਯੂ.ਪੀ. ਦੇ ਕੁੱਝ ਹਿੱਸਿਆਂ 'ਚ ਜਨਾਨੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਅਸਲ ਮੌਕੇ ਨਹੀਂ ਦਿੱਤੇ ਜਾਂਦੇ। ਇਥੇ ਜਨਾਨੀਆਂ ਦੀ ਰਾਸ਼ਟਰੀ ਸਾਖ਼ਰਤਾ ਦਰ 70.3 ਫ਼ੀਸਦੀ ਹੈ, ਯੂ.ਪੀ. 'ਚ ਇਹ ਦਰ ਕਾਫੀ ਘੱਟ ਹੈ। 

ਇੱਕ ਰਿਪੋਰਟ ਮੁਤਾਬਕ ਯੂ.ਪੀ. 'ਚ 54 ਫ਼ੀਸਦੀ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ ਪਰ ਬਦਲ ਰਹੇ ਹੁਣ ਦੇ ਸਮੇਂ ਨਾਲ ਤਸਵੀਰ ਵੀ ਬਦਲਦੀ ਹੋਈ ਨਜ਼ਰ ਆ ਰਹੀ ਹੈ। ਨਿੱਕੀ ਉਮਰ 'ਚ ਵਿਆਹ ਕਰ ਗ੍ਰਹਿਸਥ ਦਾ ਹਿੱਸਾ ਬਣਨ ਦੀ ਬਜਾਏ ਹੁਣ ਕੁੜੀਆਂ ਪੜ੍ਹ-ਲਿਖਕੇ ਆਪਣੇ ਪੈਰਾਂ 'ਤੇ ਖ਼ੜੀਆਂ ਹੋ ਰਹੀਆਂ ਹਨ, ਜਿਸਦਾ ਸਿਹਰਾ ਪੜਦਾਦਾ-ਪੜਦਾਦੀ ਸਕੂਲ ਨੂੰ ਜਾਂਦਾ ਹੈ । ਦਰਅਸਲ ਇਸ ਸਕੂਲ ਵਿੱਚ ਕੁੜੀਆਂ ਨੂੰ 12ਵੀਂ ਤੱਕ ਦੀ ਸਿੱਖਿਆ ਨਾ ਸਿਰਫ਼ ਮੁਫ਼ਤ ਦਿੱਤੀ ਜਾਂਦੀ ਹੈ, ਸਗੋਂ ਰੁਜ਼ਗਾਰ ਅਧਾਰਿਤ ਹੁਨਰ ਵੀ ਸਿਖਾਇਆ ਜਾਂਦਾ ਹੈ। ਤਾਂ ਜੋ ਪੜ੍ਹਾਈ ਤੋਂ ਬਾਅਦ ਕੁੜੀਆਂ ਆਪਣੇ ਗੁਜ਼ਾਰੇ ਲਈ ਕਮਾ ਸਕਣ।   

ਪੜ੍ਹੋ ਇਹ ਵੀ ਖਬਰ- ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ

PunjabKesari

ਪੜਦਾਦਾ-ਪੜਦਾਦੀ ਸਕੂਲ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦਸ਼ਹਿਰ ਦੇ ਅਨੂਪਸ਼ਹਿਰ 'ਚ ਸਥਿਤ ਹੈ, ਜਿਸਦੀ ਸਥਾਪਨਾ ਸਾਲ 2002 'ਚ ਹੋਈ। ਇਸ ਸਕੂਲ ਨੂੰ ਖ਼ੋਲ੍ਹਣ ਦਾ ਸੁਫ਼ਨਾ ਐੱਨ.ਆਰ.ਆਈ ਵੀਰੇਂਦਰ ਸਿੰਘ ਨੇ ਵੇਖਿਆ ਸੀ, ਜੋ ਅਨੂਪਸ਼ਹਿਰ ਦੇ ਰਹਿਣ ਵਾਲੇ ਹਨ। ਉਹ ਆਪਣੀ ਪੜ੍ਹਾਈ ਲਈ ਅਮਰੀਕਾ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਖੂਬ ਦੌਲਤ ਅਤੇ ਸ਼ੌਹਰਤ ਕਮਾਈ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਕਿਉਂ ਨਾ ਭਾਰਤ ਜਾਕੇ ਅਜਿਹਾ ਸਕੂਲ ਖ਼ੋਲ੍ਹਿਆ ਜਾਵੇ, ਜਿੱਥੇ ਕੁੜੀਆਂ ਨੂੰ ਮੁਫ਼ਤ ਸਿੱਖਿਆ ਮਿਲੇ।

ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਅਨੂਪਸ਼ਹਿਰ ’ਚ ਵਾਪਸ ਆਉਣ ’ਤੇ ਉਨ੍ਹਾਂ ਇਹ ਗੱਲ ਨੋਟ ਕੀਤੀ ਸੀ ਕਿ ਲੋਕ ਕੁੜੀਆਂ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੰਦੇ। ਉਨ੍ਹਾਂ ਆਪਣੇ ਪੁਰਖਿਆਂ ਦੀ ਜ਼ਮੀਨ ’ਤੇ ਦੋ ਕਮਰਿਆਂ ਦਾ ਇੱਕ ਸਕੂਲ ਬਣਵਾਇਆ। ਹਾਲਾਂਕਿ ਸਕੂਲ ਦੀ ਸ਼ੁਰੂਆਤ ਹੋ ਗਈ ਸੀ ਪਰ ਕੋਈ ਕੁੜੀਆਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਸੀ। ਜਿਸ ਤੋਂ ਬਾਅਦ ਵੀਰੇਂਦਰ ਸਿੰਘ ਨੇ ਰੋਜ਼ਾਨਾ ਸਕੂਲ ਆਉਣ ਵਾਲੀਆਂ ਬੱਚੀਆਂ ਨੂੰ 10 ਰੁਪਏ ਦੇਣੇ ਸ਼ੁਰੂ ਕਰ ਦਿੱਤੇ। ਪੈਸਿਆਂ ਦੇ ਲਾਲਚ 'ਚ ਹੀ ਮਾਪਿਆਂ ਨੇ ਕੁੜੀਆਂ ਨੂੰ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ। 

PunjabKesari

ਦਰਅਸਲ ਇੱਥੇ ਪੜ੍ਹਨ ਵਾਲੀਆਂ ਵਿਦਿਆਰਥਣਾਂ ਅਨੂਪਸ਼ਹਿਰ ਅਤੇ ਲਾਗਲੇ ਪਿੰਡਾਂ ਤੋਂ ਆਉਂਦੀਆਂ ਹਨ। ਅਜਿਹੇ ਪਰਿਵਾਰਾਂ ਤੋਂ ਜਿਨ੍ਹਾਂ ਦੀ ਮਹੀਨੇਵਾਰ ਆਮਦਨੀ 600 ਦੇ ਲਗਭਗ ਹੈ। ਇਸ ਕਰਕੇ ਜਿਹੜੇ ਮਾਪੇ ਸਿਰਫ਼ ਪੈਸਿਆਂ ਦੀ ਘਾਟ ਕਾਰਨ ਬੱਚੀਆਂ ਨੂੰ ਨਹੀਂ ਪੜ੍ਹਾਉਂਦੇ ਉਨ੍ਹਾਂ ਲਈ ਇਹ ਸਕੂਲ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲਾਗਲੇ ਪਿੰਡਾਂ ਤੋਂ ਆਉਣ ਵਾਲੀਆਂ ਬੱਚੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਗਏ ਹਨ। ਵਿਦਿਆਰਥਣਾਂ ਨੂੰ ਮੁਫ਼ਤ ਕਿਤਾਬਾਂ ਤੋਂ ਇਲਾਵਾ ਤਿੰਨ ਵੇਲੇ ਦੀ ਰੋਟੀ ਵੀ ਦਿੱਤੀ ਜਾਂਦੀ ਹੈ।  

ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਇਸ ਤੋਂ ਇਲਾਵਾ ਸਕੂਲ 'ਚ ਪੜ੍ਹਾਈ ਦੇ ਨਾਲ ਨਾਲ ਕਿੱਤਾ ਮੁਖੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਵੇਰ ਦੇ ਸਮੇਂ ਵਿਦਿਆਰਥਣਾਂ ਨੂੰ ਇਤਿਹਾਸ ,ਗਣਿਤ ,ਅੰਗਰੇਜ਼ੀ ਅਤੇ ਸੰਗੀਤ ਜਿਹੇ ਵਿਸ਼ੇ ਪੜ੍ਹਾਏ ਜਾਂਦੇ ਹਨ। ਸਕੂਲ 'ਚ ਕੰਪਿਊਟਰ ਲੈਬ ਵੀ ਬਣਾਈ ਗਈ ਹੈ ਤਾਂ ਜੋ ਵਿਦਿਆਰਥਣਾਂ ਅਜੋਕੀ ਤਕਨਾਲੋਜੀ ਤੋਂ ਵਾਂਝੀਆਂ ਨਾ ਰਹਿਣ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਵੋਕੇਸ਼ਨਲ ਸਿੱਖਿਆ ਤਹਿਤ ਹੱਥਾਂ ਨਾਲ ਕਢਾਈ, ਬੁਣਾਈ ਅਤੇ ਸਿਲਾਈ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਮੇਂ ਆਲੇ-ਦੁਆਲੇ ਦੇ 65 ਪਿੰਡਾਂ ਦੀਆਂ ਲਗਭਗ 1600 ਬੱਚੀਆਂ ਇਸ ਸਕੂਲ ’ਚੋਂ ਸਿੱਖਿਆ ਹਾਸਲ ਕਰ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਕੋਰੋਨਾ ਕਾਲ ਦੇ ਚਲਦਿਆਂ ਵਿਦਿਆਰਥਣਾਂ ਨੂੰ ਆਨਲਾਈਨ ਪੜ੍ਹਾਈ ਲਈ ਟੈਬ ਵੀ ਵੰਡੇ ਗਏ ਹਨ। ਬਹੁਤ ਸਾਰੀਆਂ ਬੱਚੀਆਂ ਇਥੋਂ ਸਿੱਖਿਆ ਹਾਸਲ ਕਰ ਵਿਦੇਸ਼ ਜਾ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਉੱਚ ਸਿੱਖਿਆ ਲਈ ਵਿਦਿਆਰਥਣਾਂ ਨੂੰ ਕਰਜ਼ ਵੀ ਦਿੱਤਾ ਜਾਂਦਾ ਹੈ। ਬਿਨਾਂ ਕਿਸੇ ਸਰਕਾਰੀ ਮਦਦ ਦੇ ਪੜਦਾਦਾ-ਪੜਦਾਦੀ ਸਕੂਲ ਬਹੁਤ ਚੰਗਾ ਕੰਮ ਕਰ ਰਿਹਾ ਹੈ। ਸਾਡੇ ਦੇਸ਼ ਨੂੰ ਅਜਿਹੇ ਸਕੂਲਾਂ ਅਤੇ ਵੀਰੇਂਦਰ ਸਿੰਘ ਵਰਗੇ ਭਲੇ ਲੋਕਾਂ ਦੀ ਜ਼ਰੂਰਤ ਹੈ, ਜੋ ਪੇਂਡੂ ਤਬਕੇ ਦੇ ਲੋਕਾਂ ਨੂੰ ਚੰਗੀ ਤਾਲੀਮ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਿੱਚ ਮਦਦ ਕਰਦੇ ਰਹਿਣ।

ਪੜ੍ਹੋ ਇਹ ਵੀ ਖਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari


author

rajwinder kaur

Content Editor

Related News