GST ਸੁਧਾਰ ਜਾਰੀ ਰਹਿਣਗੇ, ਅਰਥਵਿਵਸਥਾ ਹੋਰ ਮਜ਼ਬੂਤ ​​ਹੋਣ ’ਤੇ ਘਟੇਗਾ ਟੈਕਸ ਦਾ ਬੋਝ : ਮੋਦੀ

Friday, Sep 26, 2025 - 12:29 AM (IST)

GST ਸੁਧਾਰ ਜਾਰੀ ਰਹਿਣਗੇ, ਅਰਥਵਿਵਸਥਾ ਹੋਰ ਮਜ਼ਬੂਤ ​​ਹੋਣ ’ਤੇ ਘਟੇਗਾ ਟੈਕਸ ਦਾ ਬੋਝ : ਮੋਦੀ

ਗ੍ਰੇਟਰ ਨੋਇਡਾ/ਬਾਂਸਵਾੜਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਵਿਚ ਸੁਧਾਰ ਜਾਰੀ ਰਹਿਣਗੇ ਅਤੇ ਜਿਵੇਂ-ਜਿਵੇਂ ਅਰਥਵਿਵਸਥਾ ਮਜ਼ਬੂਤ ​​ਹੋਵੇਗੀ, ਨਾਗਰਿਕਾਂ ’ਤੇ ਟੈਕਸ ਦਾ ਬੋਝ ਘਟੇਗਾ। ਉਨ੍ਹਾਂ ਨੇ 2017 ਵਿਚ ਜੀ. ਐੱਸ. ਟੀ. ਲਾਗੂ ਕਰਨ ਅਤੇ ਸਤੰਬਰ 2025 ਵਿਚ ਲਾਗੂ ਕੀਤੇ ਗਏ ਨਵੇਂ ਸੁਧਾਰਾਂ ਦੀ ਵੀ ਸਮੀਖਿਆ ਕੀਤੀ। ਮੋਦੀ ਨੇ ਦਾਅਵਾ ਕੀਤਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ-ਮੁਕਤ ਕਰਨ ਅਤੇ ਨਵੇਂ ਜੀ. ਐੱਸ. ਟੀ. ਸੁਧਾਰਾਂ ਨਾਲ ਦੇਸ਼ ਵਾਸੀ ਇਸ ਸਾਲ ਲਗਭਗ 2.5 ਲੱਖ ਕਰੋੜ ਰੁਪਏ ਦੀ ਬੱਚਤ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਹਿਲਾਂ ਦੇ ਦੌਰ ਵਿਚ ‘ਟੈਕਸ ਲੁੱਟ’ ਹੁੰਦੀ ਸੀ, ਜਦਕਿ ਅੱਜ ਸਰਕਾਰ ਨੇ ਟੈਕਸਾਂ ਵਿਚ ਕਮੀ ਕੀਤੀ ਹੈ, ਮਹਿੰਗਾਈ ’ਤੇ ਕੰਟਰੋਲ ਰੱਖਿਆ ਹੈ ਅਤੇ ਨਾਗਰਿਕਾਂ ਦੀ ਆਮਦਨ ਵਧਾਈ ਹੈ। ਉਨ੍ਹਾਂ ਨੇ ਸਵੈ-ਨਿਰਭਰ ਭਾਰਤ ਅਤੇ ‘ਮੇਡ ਇਨ ਇੰਡੀਆ’ ’ਤੇ ਜ਼ੋਰ ਦਿੱਤਾ, ਵਪਾਰੀਆਂ ਦੀ ਆਮਦਨ ਅਤੇ ਉੱਦਮੀਆਂ ਨੂੰ ਅਜਿਹੇ ਮਾਡਲ ਅਪਣਾਉਣ ਦਾ ਸੱਦਾ ਦਿੱਤਾ ਜੋ ਦੇਸ਼ ਦੀ ਆਤਮ-ਨਿਰਭਰਤਾ ਨੂੰ ਮਜ਼ਬੂਤ ​​ਕਰਨ ।

ਮੋਦੀ ਨੇ ਉੱਤਰ ਪ੍ਰਦੇਸ਼ ਦੀ ਤਰੱਕੀ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਸੂਬਾ ਹੁਣ ਸਭ ਤੋਂ ਵੱਧ ਐਕਸਪ੍ਰੈਸ-ਵੇਅ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਸੂਬਾ ਹੈ, ਜਿੱਥੇ ਦੇਸ਼ ਦੇ 55 ਫੀਸਦੀ ਮੋਬਾਈਲ ਫੋਨਾਂ ਦਾ ਨਿਰਮਾਣ ਹੁੰਦਾ ਹੈ। ਜਲਦ ਹੀ ਇੱਥੇ ਸੈਮੀਕੰਡਕਟਰ ਸਹੂਲਤ ਅਤੇ ਰੱਖਿਆ ਉਤਪਾਦਨ (ਏ. ਕੇ -203 ਰਾਈਫਲਾਂ, ਬ੍ਰਹਮੋਸ ਮਿਜ਼ਾਈਲ) ਸ਼ੁਰੂ ਹੋਵੇਗਾ।

ਓਧਰ, ਰਾਜਸਥਾਨ ਦੇ ਬਾਂਸਵਾੜਾ ਦੌਰੇ ਉਤੇ ਪ੍ਰਧਾਨ ਮੰਤਰੀ ਮੋਦੀ ਨੇ 1. 22 ਲੱਖ ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦੀ ਸ਼ੂਰੂਅਾਤ ਕੀਤੀ ਅਤੇ ਸੂਬੇ ਨੂੰ ਤਿੰਨ ਨਵੀਆਂ ਰੇਲਗੱਡੀਆਂ ਦੀ ਸੌਗਾਤ ਦਿੱਤੀ, ਜਿਨ੍ਹਾਂ ਵਿਚ 2 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਸ਼ਾਮਲ ਹਨ। ਇਹ ਰੇਲ ਗੱਡੀਆਂ ਬੀਕਾਨੇਰ ਤੋਂ ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈਸ, ਜੋਧਪੁਰ ਤੋਂ ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈਸ ਅਤੇ ਉਦੈਪੁਰ ਸਿਟੀ ਤੋਂ ਚੰਡੀਗੜ੍ਹ ਐਕਸਪ੍ਰੈਸ ਹਨ।

ਰੂਸ ਨਾਲ ਭਾਰਤ ਦੀ ‘ਸਦਾਬਹਾਰ’ ਸਾਂਝੇਦਾਰੀ ਹੋਰ ਮਜ਼ਬੂਤ

​​ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੇਟਰ ਨੋਇਡਾ ’ਚ ਆਯੋਜਿਤ ‘ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਮੇਲਾ’ (ਯੂ. ਪੀ. ਆਈ. ਟੀ. ਐੱਸ.) ਦੇ ਤੀਜੇ ਐਡੀਸ਼ਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਭਾਰਤ ਰੂਸ ਨਾਲ ਆਪਣੀ ‘ਸਦਾਬਹਾਰ’ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰ ਰਿਹਾ ਹੈ।

ਮੋਦੀ ਨੇ ਰੂਸ ਦੇ ਸਹਿਯੋਗ ਨਾਲ ਏ. ਕੇ.-203 ਰਾਈਫਲਾਂ ਅਤੇ ਬ੍ਰਹਮੋਸ ਮਿਜ਼ਾਈਲਾਂ ਦੇ ਨਿਰਮਾਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਫੋਰਸਾਂ ਸਵਦੇਸ਼ੀ ਹੱਲ ਚਾਹੁੰਦੀਆਂ ਹਨ ਅਤੇ ਉਨ੍ਹਾਂ ਦਾ ਟੀਚਾ ਬਾਹਰੀ ਨਿਰਭਰਤਾ ਨੂੰ ਘਟ ਕਰਨਾ ਹੈ। ਉਨ੍ਹਾਂ ਦੱਸਿਅਾ ਕਿ ਰੂਸ ਇਸ ਵਪਾਰ ਮੇਲੇ ਵਿਚ ਇਕ ਭਾਈਵਾਲ ਦੇਸ਼ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਨੂੰ ਹੋਰ ਡੂੰਘੇ ਹੋਣਗੇ।


author

Rakesh

Content Editor

Related News