ਘੱਟ ਹੋਵੇਗਾ ਟੈਕਸ ਦਾ ਬੋਝ, ਐੱਮ. ਐੱਸ. ਐੱਮ. ਈ. ਹੋਣਗੇ ਮਜ਼ਬੂਤ : ਫਿੱਕੀ
Saturday, Sep 20, 2025 - 12:11 AM (IST)

ਨਵੀਂ ਦਿੱਲੀ- ਸਰਕਾਰ ਦੇ ਜੀ. ਐੱਸ. ਟੀ.-2.0 ਦੇ ਐਲਾਨ ਨਾਲ ਪਰਿਵਾਰਾਂ ’ਤੇ ਟੈਕਸ ਦਾ ਬੋਝ ਘੱਟ ਹੋਵੇਗਾ, ਛੋਟੇ ਅਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.) ਮਜ਼ਬੂਤ ਹੋਣਗੇ ਅਤੇ ਅਰਥਵਿਵਸਥਾ ਦੇ ਰਸਮੀਕਰਨ ਨੂੰ ਰਫ਼ਤਾਰ ਮਿਲੇਗੀ। ਉਦਯੋਗ ਸੰਗਠਨ ਫਿੱਕੀ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ।
ਇਸ ’ਚ ਕਿਹਾ ਗਿਆ ਕਿ ਇਨ੍ਹਾਂ ਸੁਧਾਰਾਂ ਨਾਲ ਭਾਰਤ ਸਿੰਗਲ ਟੈਕਸ ਵਿਵਸਥਾ ਦੇ ਹੋਰ ਨੇੜੇ ਆਵੇਗਾ। ਫਿੱਕੀ ਦੀ ਸਮੱਗਲਿੰਗ ਅਤੇ ਜਾਅਲਸਾਜ਼ੀ ਸਰਗਮੀਆਂ ਵਿਰੁੱਧ ਕੰਮ ਕਰਨ ਵਾਲੀ ਕਮੇਟੀ (ਕੈਸਕੇਡ) ਨੇ ਇਕ ਰਿਪੋਰਟ ’ਚ ਕਿਹਾ ਕਿ ਜੀ. ਐੱਸ. ਟੀ. ’ਚ ਇਸ ਬਦਲਾਅ ਨਾਲ 5 ਫ਼ੀਸਦੀ ਟੈਕਸ ਵਾਲੀਆਂ ਵਸਤਾਂ ਦੀ ਹਿੱਸੇਦਾਰੀ ਲੱਗਭਗ ਤਿੰਨ ਗੁਣਾ ਹੋ ਜਾਵੇਗੀ।
ਟਰੈਕਟਰ ਨਿਰਮਾਤਾ ਜੀ. ਐੱਸ. ਟੀ. ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ : ਸ਼ਿਵਰਾਜ ਸਿੰਘ ਚੌਹਾਨ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਰੈਕਟਰ ਅਤੇ ਖੇਤੀਬਾੜੀ ਉਪਕਰਣ ਨਿਰਮਾਤਾਵਾਂ ਨੂੰ 22 ਸਤੰਬਰ ਤੋਂ ਜੀ. ਐੱਸ. ਟੀ. ’ਚ ਹੋਣ ਵਾਲੀ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵੱਖ-ਵੱਖ ਟਰੈਕਟਰ ਸ਼੍ਰੇਣੀਆਂ ’ਚ ਕੀਮਤਾਂ ’ਚ 23,000 ਤੋਂ 63,000 ਰੁਪਏ ਤੱਕ ਦੀ ਮਹੱਤਵਪੂਰਨ ਕਮੀ ਆਵੇਗੀ।
ਚੌਹਾਨ ਨੇ ਖੇਤੀਬਾੜੀ ਉਪਕਰਣ ਨਿਰਮਾਤਾਵਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ’ਚ ਕਟੌਤੀ ਨਾਲ ਪੂਰੇ ਦੇਸ਼ ਦੇ ਕਸਟਮ ਹਾਇਰਿੰਗ ਸੈਂਟਰਾਂ ’ਚ ਖੇਤੀਬਾੜੀ ਮਸ਼ੀਨਰੀ ਸਸਤੀ ਹੋ ਜਾਵੇਗੀ ਅਤੇ ਉਨ੍ਹਾਂ ਦੇ ਕਿਰਾਏ ’ਚ ਵੀ ਕਮੀ ਆਵੇਗੀ।
ਕਸਟਮ ਹਾਇਰਿੰਗ ਸੈਂਟਰ (ਸੀ. ਐੱਚ. ਸੀ.) ਕਿਸਾਨਾਂ ਨੂੰ ਕਿਰਾਏ ’ਤੇ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣ ਮੁਹੱਈਆ ਕਰਵਾਉਂਦੇ ਹਨ।
ਚੌਹਾਨ ਨੇ ਕਿਹਾ, ‘‘ਸਰਕਾਰ ਦਾ ਮਕਸਦ ਕਿਸਾਨਾਂ ਦੀ ਕਮਾਈ ਵਧਾਉਣਾ ਹੈ। ਇਸ ਦੇ ਲਈ ਉਤਪਾਦਨ ਵਧਾਉਣ ਦੇ ਨਾਲ ਹੀ ਖੇਤੀ ਦੀ ਲਾਗਤ ਵੀ ਘੱਟ ਕਰਨੀ ਪਵੇਗੀ।’’ ਉਨ੍ਹਾਂ ਕਿਹਾ, ‘‘ਉਤਪਾਦਨ ਵਧਾਉਣ ਅਤੇ ਖੇਤੀ ਦੀ ਲਾਗਤ ਘੱਟ ਕਰਨ ਲਈ ਟਰੈਕਟਰ ਵਰਗੀ ਖੇਤੀਬਾੜੀ ਮਸ਼ੀਨਰੀ ਦੀ ਲੋੜ ਹੁੰਦੀ ਹੈ। ਮੈਂ ਉਨ੍ਹਾਂ ਨੂੰ (ਨਿਰਮਾਤਾਵਾਂ ਨੂੰ) 22 ਸਤੰਬਰ ਤੋਂ ਜੀ. ਐੱਸ. ਟੀ. ’ਚ ਕੀਤੀ ਗਈ ਕਟੌਤੀ ਦਾ ਲਾਭ ਕਿਸਾਨਾਂ ਨੂੰ ਦੇਣ ਦੀ ਅਪੀਲ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।’’