ਪੱਛਮੀ ਬੰਗਾਲ ’ਚ ਸ਼ੁਭੇਂਦੂ ਸਰਕਾਰ ਨੇ ਸ਼ੁਰੂ ਕੀਤੀ ‘ਅੰਨਪੂਰਨਾ ਯੋਜਨਾ’
Wednesday, Jun 03, 2026 - 11:52 PM (IST)
ਕੋਲਕਾਤਾ- ਪੱਛਮੀ ਬੰਗਾਲ ’ਚ ਸ਼ੁਭੇਂਦੂ ਸਰਕਾਰ ਨੇ ਬੁੱਧਵਾਰ ਨੂੰ ਔਰਤਾਂ ਲਈ ਅੰਨਪੂਰਨਾ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਐਲਾਨ ਕੀਤਾ ਕਿ ਪਹਿਲੇ ਪੜਾਅ ’ਚ 28.25 ਲੱਖ ਲਾਭਪਾਤਰੀਆਂ ਨੂੰ ਹਰ ਮਹੀਨੇ 3,000 ਰੁਪਏ ਦੀ ਸਹਾਇਤਾ ਮਿਲੇਗੀ। ਇਹ ਯੋਜਨਾ ਇਸ ਸਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਪ੍ਰਮੁੱਖ ਚੋਣ ਵਾਅਦਿਆਂ ਵਿਚੋਂ ਇਕ ਸੀ। ਇਸ ਯੋਜਨਾ ਨੇ ਸਾਬਕਾ ਤ੍ਰਿਣਮੂਲ ਸਰਕਾਰ ਦੀ ‘ਲਕਸ਼ਮੀ ਭੰਡਾਰ’ ਯੋਜਨਾ ਦੀ ਜਗ੍ਹਾ ਲਈ ਹੈ, ਜਿਸ ਤਹਿਤ ਕਰੀਬ 2.42 ਕਰੋੜ ਔਰਤਾਂ ਨੂੰ ਵੱਧ ਤੋਂ ਵੱਧ 1,500 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ।
ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ’ਚ 28.25 ਲੱਖ ਔਰਤਾਂ ਦੇ ਬੇਨਤੀ-ਪੱਤਰਾਂ ਦੀ ਪੜਤਾਲ ਕਰ ਕੇ ਉਨ੍ਹਾਂ ਨੂੰ ਸਬੰਧਤ ਪੋਰਟਲ ’ਤੇ ਰਜਿਸਟਰਡ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੇਨਤੀ ਪ੍ਰਕਿਰਿਆ ਅਗਲੇ ਤਿੰਨ ਮਹੀਨੇ ਤੱਕ ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਜਾਰੀ ਰਹੇਗੀ ਅਤੇ ਬਲਾਕ ਵਿਕਾਸ ਦਫ਼ਤਰਾਂ, ਨਗਰ ਨਿਗਮ ਦਫ਼ਤਰਾਂ ਅਤੇ ਨਾਮਜ਼ਦ ਸਰਕਾਰੀ ਕੇਂਦਰਾਂ ’ਤੇ ਬੇਨਤੀ-ਪੱਤਰ ਸਵੀਕਾਰ ਕੀਤੇ ਜਾਣਗੇ।
