IndiGo ਨੇ ਸ਼ੁਰੂ ਕੀਤੀ ਨਵੀਂ ਕੈਬ ਸਰਵਿਸ, ਹੁਣ ਹਵਾਈ ਸਫ਼ਰ ਤੋਂ ਬਾਅਦ ਟੈਕਸੀ ਦੀ ਨੋ ਟੈਂਸ਼ਨ

Thursday, Jun 18, 2026 - 08:40 PM (IST)

IndiGo ਨੇ ਸ਼ੁਰੂ ਕੀਤੀ ਨਵੀਂ ਕੈਬ ਸਰਵਿਸ, ਹੁਣ ਹਵਾਈ ਸਫ਼ਰ ਤੋਂ ਬਾਅਦ ਟੈਕਸੀ ਦੀ ਨੋ ਟੈਂਸ਼ਨ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ (IndiGo) ਨੇ ਆਪਣੇ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਨਵੀਂ ਕੈਬ ਸਰਵਿਸ 'Cabs with IndiGo' ਲਾਂਚ ਕੀਤੀ ਹੈ। ਇਹ ਸੇਵਾ ਖਾਸ ਤੌਰ 'ਤੇ ਉਨ੍ਹਾਂ ਯਾਤਰੀਆਂ ਲਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੂੰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਟੈਕਸੀ ਲੈਣ ਲਈ ਲੰਬੀਆਂ ਕਤਾਰਾਂ ਅਤੇ ਮਹਿੰਗੇ ਕਿਰਾਏ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼ੁਰੂਆਤ ਵਿੱਚ ਇਹ ਸੁਵਿਧਾ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਉਪਲਬਧ ਹੋਵੇਗੀ।

ਕੰਪਨੀ ਅਨੁਸਾਰ, ਇਸ ਸੇਵਾ ਦਾ ਸ਼ੁਰੂਆਤੀ ਕਿਰਾਇਆ ਸਿਰਫ਼ 49 ਰੁਪਏ ਰੱਖਿਆ ਗਿਆ ਹੈ। ਯਾਤਰੀ ਆਪਣੀ ਫਲਾਈਟ ਦੀ ਟਿਕਟ ਬੁੱਕ ਕਰਦੇ ਸਮੇਂ ਜਾਂ ਯਾਤਰਾ ਦੇ ਦੌਰਾਨ ਹੀ ਕੈਬ ਬੁੱਕ ਕਰ ਸਕਦੇ ਹਨ। ਇਸ ਸੇਵਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਯਾਤਰੀਆਂ ਨੂੰ 'ਸਰਜ ਪ੍ਰਾਈਸਿੰਗ' (ਮੰਗ ਵਧਣ 'ਤੇ ਵਧੇ ਹੋਏ ਕਿਰਾਏ) ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਕਿਰਾਇਆ ਪਹਿਲਾਂ ਹੀ ਤੈਅ ਹੋਵੇਗਾ।

ਅਕਸਰ ਫਲਾਈਟਾਂ ਵਿੱਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਨਵੀਂ ਕੈਬ ਬੁੱਕ ਕਰਨੀ ਪੈਂਦੀ ਸੀ, ਪਰ ਇੰਡੀਗੋ ਦੀ ਇਹ ਸੇਵਾ ਫਲਾਈਟ ਦੇ ਸਮੇਂ ਅਨੁਸਾਰ ਕੈਬ ਦੇ ਸ਼ੈਡਿਊਲ ਨੂੰ ਆਪਣੇ ਆਪ ਅਪਡੇਟ ਕਰਦੀ ਰਹੇਗੀ। ਕੰਪਨੀ ਨੇ ਯਾਤਰੀਆਂ ਲਈ 30 ਮਿੰਟ ਦਾ ਮੁਫ਼ਤ ਵੇਟਿੰਗ ਟਾਈਮ ਵੀ ਸ਼ਾਮਲ ਕੀਤਾ ਹੈ। ਇਸਦਾ ਮਤਲਬ ਹੈ ਕਿ ਜੇਕਰ ਫਲਾਈਟ ਦੇਰੀ ਨਾਲ ਪਹੁੰਚਦੀ ਹੈ, ਤਾਂ ਵੀ ਕੈਬ ਡਰਾਈਵਰ ਬਿਨਾਂ ਕਿਸੇ ਵਾਧੂ ਚਾਰਜ ਦੇ ਯਾਤਰੀ ਦਾ ਇੰਤਜ਼ਾਰ ਕਰੇਗਾ।

ਇਸ ਦੇ ਮੁੱਖ ਫਾਇਦੇ ਇਹ ਹਨ ਕਿ, ਏਅਰਪੋਰਟ 'ਤੇ ਪਹੁੰਚਦੇ ਹੀ ਕਨਫਰਮ ਕੈਬ ਮਿਲੇਗੀ। ਕਿਰਾਏ ਵਿੱਚ ਕੋਈ ਵਾਧੂ 'ਸਰਜ ਚਾਰਜ' ਨਹੀਂ ਲੱਗੇਗਾ। ਟੈਕਸੀ ਸਟੈਂਡਾਂ 'ਤੇ ਲੰਬੀਆਂ ਕਤਾਰਾਂ ਤੋਂ ਮੁਕਤੀ ਮਿਲੇਗੀ। ਫਲਾਈਟ ਦੇਰੀ ਨਾਲ ਪਹੁੰਚਣ 'ਤੇ 30 ਮਿੰਟ ਤੱਕ ਮੁਫ਼ਤ ਇੰਤਜ਼ਾਰ ਦੀ ਸੁਵਿਧਾ। ਇੰਡੀਗੋ ਨੇ ਕਿਹਾ ਹੈ ਕਿ ਜੇਕਰ ਯਾਤਰੀਆਂ ਵੱਲੋਂ ਚੰਗਾ ਹੁੰਗਾਰਾ ਮਿਲਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੇਵਾ ਦਾ ਵਿਸਥਾਰ ਦੇਸ਼ ਦੇ ਹੋਰ ਸ਼ਹਿਰਾਂ ਅਤੇ ਹਵਾਈ ਅੱਡਿਆਂ ਤੱਕ ਵੀ ਕੀਤਾ ਜਾਵੇਗਾ।


author

Inder Prajapati

Content Editor

Related News