ਸਮੇਂ ਦੀ ਨਬਜ਼ ਪਛਾਣਦੇ ਬਿਹਾਰ ਵਾਸੀ; ‘ਸਵਾਲ ਪੁੱਛਣ’ ਦੀ ਰਾਜਨੀਤੀ ਨੇ ਮੰਤਰੀਆਂ ਦੇ ਸਾਹ ਸੂਤੇ

9/19/2020 3:06:21 PM

  ਸੰਜੀਵ ਪਾਂਡੇ                                        

ਬਿਹਾਰ ਦੇ ਲੋਕਾਂ ਦਾ ਗੁੱਸਾ ਸਾਹਮਣੇ ਆ ਰਿਹਾ ਹੈ। ਸੱਤਾਧਾਰੀ ਦਲ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਜਨਤਾ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਮੇਂ ’ਚ ਹੀ ਸੱਤਾਧਾਰੀ ਦਲ ਨਾਲ ਸਬੰਧਤ ਦੋ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਲੋਕਾਂ ਦਾ ਗੁੱਸਾ ਵੇਖ ਕੇ ਵਿਧਾਇਕ ਅਤੇ ਮੰਤਰੀ ਦੇ ਵਾਪਸ ਆਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਜਨਤਕ ਵਿਰੋਧ ਵਧਣ ਕਾਰਨ ਐਨਡੀਏ ਗੱਠਜੋੜ ਪੂਰੀ ਤਰ੍ਹਾਂ ਘਬਰਾਇਆ ਹੋਇਆ ਹੈ। ਸੱਤਾਧਾਰੀ ਦਲ ਦੇ ਵਿਧਾਇਕ ਅਤੇ ਮੰਤਰੀ ਵਿਕਾਸ ਦੇ ਗੁਣ ਗਾ ਰਹੇ ਹਨ।ਲੋਕਾਂ ਵਿੱਚ ਪ੍ਰਚਾਰ ਲਈ ਜਾ ਰਹੇ ਹਨ ਪਰ ਜਦੋਂ ਜਨਤਾ ਵਿਕਾਸ ਨਾਲ ਜੁੜੇ ਪ੍ਰਸ਼ਨ ਪੁੱਛਦੀ ਹੈ  ਤਾਂ ਵਿਧਾਇਕ ਅਤੇ ਮੰਤਰੀ ਕੋਲ ਕੋਈ ਜਵਾਬ ਨਹੀਂ ਹੁੰਦਾ।

ਮੰਤਰੀਆਂ ਨੂੰ ਸਵਾਲਾਂ ਦੇ ਜਵਾਬ ਦੇਣੇ ਹੋਏ ਔਖੇ

ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਗੋਹ ਵਿਧਾਨ ਸਭਾ ਹਲਕੇ ਦੇ ਭਾਜਪਾ ਵਿਧਾਇਕ ਮਨੋਜ ਸ਼ਰਮਾ ਅਤੇ ਬਿਹਾਰ ਸਰਕਾਰ ਵਿੱਚ ਭਾਜਪਾ ਕੋਟੇ ਦੇ ਮੰਤਰੀ ਪ੍ਰੇਮ ਕੁਮਾਰ ਦਾ ਗੋਹ ਦੇ ਇੱਕ ਪਿੰਡ ਵਿੱਚ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ। ਸਟੇਜ 'ਤੇ ਬੈਠੇ ਵਿਧਾਇਕ ਅਤੇ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁੱਖ ਮੰਤਰੀ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਵਿਧਾਇਕ ਪੰਜ ਸਾਲਾਂ ਤੋਂ ਇਸ ਖੇਤਰ ਵਿੱਚ ਕਦੇ ਨਹੀਂ ਆਏ, ਹੁਣ ਉਹ ਵੋਟਾਂ ਮੰਗਣ ਪਹੁੰਚ ਗਏ ਹਨ। ਬਿਹਾਰ ਦੇ ਪੇਂਡੂ ਵਿਕਾਸ ਮੰਤਰੀ ਸ਼ੈਲੇਸ਼ ਕੁਮਾਰ ਦਾ ਉਸਦੇ ਵਿਧਾਨ ਸਭਾ ਹਲਕੇ ਜਮਾਲਪੁਰ ਵਿੱਚ ਲੋਕਾਂ ਨੇ ਵਿਰੋਧ ਕੀਤਾ। ਲੋਕਾਂ ਨੇ ਉਸਨੂੰ ਨਸਲਵਾਦੀ ਤੱਕ ਕਿਹਾ। ਮੰਤਰੀ ਜੀ ਵਾਪਿਸ ਚਲੇ ਗਏ। ਲੋਕਾਂ ਨੇ ਸਾਫ਼ ਕਿਹਾ ਕਿ ਮੰਤਰੀ ਨੇ ਵਿਕਾਸ ਦੀ ਥਾਂ ਜਾਤੀਵਾਦ ਦੀ ਰਾਜਨੀਤੀ ਕੀਤੀ ਹੈ। ਇਸ ਲਈ ਕੋਈ ਵੋਟ ਨਹੀਂ ਪਾਵੇਗਾ। ਪਿੰਡ ਵਾਸੀਆਂ ਦੇ ਰੋਹ ਨੂੰ ਵੇਖਦਿਆਂ ਮੰਤਰੀ ਜੀ ਹੌਲੀ ਹੌਲੀ ਤੁਰਦੇ ਬਣੇ।

ਰੁਜ਼ਗਾਰ ਦਾ ਮੁੱਦਾ ਬਣਿਆ ਅਸਲ ਮੁੱਦਾ

ਵੈਸ਼ਾਲੀ ਦੇ ਮਨਹਾਰ ਵਿਧਾਨ ਸਭਾ ਹਲਕੇ ਵਿੱਚ ਸੱਤਾਧਾਰੀ ਦਲ ਦੇ ਸਮਰਥਕਾਂ ਦਾ ਕੁੱਟ ਕੁਟਾਪਾ ਹੋਇਆ। ਮਨਹਾਰ ਦੇ ਜੇਡੀਯੂ ਵਿਧਾਇਕ ਉਮੇਸ਼ ਸਿੰਘ ਕੁਸ਼ਵਾਹਾ ਵੋਟਾਂ ਮੰਗਣ ਗਏ। ਲੋਕਾਂ ਨੇ ਪੰਜ ਸਾਲਾਂ ਦਾ ਹਿਸਾਬ ਮੰਗਿਆ। ਉਸ ਤੋਂ ਬਾਅਦ ਸਥਾਨਕ ਲੋਕਾਂ ਦੀ ਵਿਧਾਇਕ ਦੇ ਸਮਰਥਕਾਂ ਨਾਲ ਝੜਪ ਹੋ ਗਈ। ਵਿਧਾਇਕ ਦੇ ਸਮਰਥਕਾਂ ਨੂੰ ਕੁੱਟਿਆ ਗਿਆ। ਜਦੋਂ ਲੋਕਾਂ ਨੇ ਹਾਜੀਪੁਰ ਤੋਂ ਭਾਜਪਾ ਦੇ ਵਿਧਾਇਕ ਅਵਧੇਸ਼ ਸਿੰਘ ਤੋਂ ਹਿਸਾਬ ਮੰਗਿਆ ਤਾਂ ਉਹ ਭਰੋਸਾ ਦੇਣ ਲੱਗੇ। ਸੜਕ ਨਾ ਬਣਾਉਣ ਦੇ ਮੁੱਦੇ 'ਤੇ ਲੋਕਾਂ ਨੇ ਉਸ ਨੂੰ ਘੇਰ ਲਿਆ। ਵਧਦੇ ਵਿਰੋਧ ਨੂੰ ਵੇਖਦੇ ਹੋਏ ਅਵਧੇਸ਼ ਸਿੰਘ ਉਥੋਂ ਰਫ਼ੂ ਚੱਕਰ ਹੋ ਗਏ। ਜਹਾਨਾਬਾਦ ਜ਼ਿਲ੍ਹੇ ਦੇ ਕੁਰਥਾ ਵਿਧਾਨ ਸਭਾ ਦੇ ਜੇਡੀਯੂ ਵਿਧਾਇਕ ਸਤਦੇਵ ਕੁਸ਼ਵਾਹਾ ਤੋਂ ਜਦੋਂ ਪਿੰਡ ਵਾਸੀਆਂ ਨੇ ਵਿਕਾਸ ਨੂੰ ਲੈ ਕੇ ਸਖ਼ਤ ਸਵਾਲ ਪੁੱਛੇ ਤਾਂ ਉਨ੍ਹਾਂ ਦੀ ਆਵਾਜ਼ ਬੰਦ ਹੋ ਗਈ। ਉਹ ਚੁੱਪ ਚਾਪ ਉਥੋਂ ਚਲੇ ਗਏ। ਪਿੰਡ ਵਾਸੀਆਂ ਅਤੇ ਵਿਧਾਇਕ ਦੀ ਨੋਕਝੋਕ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਔਰੰਗਾਬਾਦ ਤੋਂ ਭਾਜਪਾ ਦੇ ਸੰਸਦ ਮੈਂਬਰ ਨੂੰ ਉਨ੍ਹਾਂ ਦੇ  ਹਲਕੇ ਵਿੱਚ ਹੀ ਰੁਜ਼ਗਾਰ ਦੇ ਮੁੱਦੇ 'ਤੇ ਨੌਜਵਾਨਾਂ ਨੇ ਘੇਰ ਲਿਆ ।ਮੁਸ਼ਕਿਲ ਨਾਲ ਸੁਰੱਖਿਆ ਕਾਮਿਆਂ ਨੇ ਨੌਜਵਾਨਾਂ ਨੂੰ ਸਮਝਾਇਆ ਅਤੇ ਸੰਸਦ ਮੈਂਬਰ ਨੂੰ ਉਸ ਭੀੜ ’ਚੋਂ ਕੱਢਿਆ।

ਤਾਲਾਬੰਦੀ ਦੇ ਨਤੀਜੇ

ਆਖਰਕਾਰ ਬਿਹਾਰ ਦੇ ਲੋਕ ਇਸ ਵਾਰ ਕਿਉਂ ਬਦਲ ਹੋਏ ਵਿਖਾਈ ਦੇ ਰਹੇ ਹਨ? ਬਿਹਾਰ ਦੇ ਲੋਕ ਵਿਕਾਸ ਦੇ ਮੁੱਦੇ 'ਤੇ ਤਿੱਖੇ ਸਵਾਲਾਂ ਤੋਂ ਪਰਹੇਜ਼ ਕਰਦੇ ਆ ਰਹੇ ਹਨ ਕਿਉਂਕਿ ਬਿਹਾਰ ਵਿੱਚ ਹਮੇਸ਼ਾਂ ਚੋਣਾਂ ਦੌਰਾਨ ਵਿਕਾਸ ਨਾਲੋਂ ਜਾਤੀ ਮੁੱਦਿਆਂ ਉੱਤੇ ਚਰਚਾ ਹੁੰਦੀ ਰਹੀ ਹੈ। ਇਸ ਵਾਰ ਜਨਤਾ ਸੱਤਾਧਾਰੀ ਦਲ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਵਿਕਾਸ ਸਬੰਧੀ ਪ੍ਰਸ਼ਨ ਪੁੱਛ ਰਹੀ ਹੈ। ਸਵਾਲ ਸੱਤਾਧਾਰੀ ਦਲ ਦੇ ਪ੍ਰਤੀਨਿਧੀਆਂ ਤੋਂ ਪੁੱਛੇ ਜਾ ਰਹੇ ਹਨ। ਕੀ ਬਿਹਾਰ ਸੱਚਮੁੱਚ ਬਦਲ ਰਿਹਾ ਹੈ? ਕੀ ਕੋਰੋਨਾ ਦੀ ਮਾਰ, ਵੱਧ ਰਹੀ ਬੇਰੁਜ਼ਗਾਰੀ ਅਤੇ ਗ਼ਰੀਬੀ ਨੇ ਨਸਲਵਾਦ ਦੇ ਮੁੱਦਿਆਂ ਨੂੰ ਪਿੱਛੇ ਧੱਕ ਦਿੱਤਾ ਹੈ? ਇਹ ਸੱਚਾ ਤੱਥ ਹੈ ਕਿ ਦੂਜੇ ਰਾਜਾਂ ਵਿਚ ਕੰਮ ਕਰ ਰਹੇ ਬਿਹਾਰ ਦੇ ਲੱਖਾਂ ਕਾਮਿਆਂ ਨੂੰ ਕੇਂਦਰ ਸਰਕਾਰ ਦੁਆਰਾ ਬਿਨਾਂ ਸੋਚੇ ਸਮਝੇ ਲਾਈ ਤਾਲਾਬੰਦੀ ਕਾਰਨ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪਿਆ। ਇਸ ਤਾਲਾਬੰਦੀ ਦਾ ਨਤੀਜਾ ਹੁਣ ਬਿਹਾਰ ਦੀ ਪੇਂਡੂ ਆਰਥਿਕਤਾ ਬੁਰੀ ਤਰ੍ਹਾਂ ਨਾਲ ਭੁਗਤ ਰਹੀ ਹੈ। ਬਿਹਾਰ ਦੇ ਪਿੰਡਾਂ ਵਿੱਚ ਲੱਖਾਂ ਲੋਕ ਬੇਰੁਜ਼ਗਾਰ ਹਨ। ਤਾਲਾਬੰਦੀ ਕਾਰਨ ਆਪਣੀ ਰੋਜ਼ੀ-ਰੋਟੀ ਛੱਡ ਕੇ ਦੂਜੇ ਰਾਜਾਂ ਤੋਂ ਵਾਪਸ ਪਰਤੇ ਬਿਹਾਰ ਦੇ ਮਜ਼ਦੂਰਾਂ ਦੀ ਹਾਲਤ ਖ਼ਰਾਬ ਹੈ।

ਜਾਤੀਗਤ ਰਾਜਨੀਤੀ 'ਚ ਬੇਰੁਜ਼ਗਾਰੀ ਦੀ ਦਰ

ਕੋਰੋਨਾ ਅਤੇ ਤਾਲਾਬੰਦੀ ਨੇ ਬਿਹਾਰ ਦੇ ਵਿਕਾਸ ਦਾ ਪਰਦਾਫਾਸ਼ ਕਰ ਦਿੱਤਾ ਹੈ। ਅੰਕੜਿਆਂ ਵਿਚ ਸਰਕਾਰ ਬਿਹਾਰ ਦੇ ਵਿਕਾਸ ਦੀ ਪ੍ਰਸ਼ੰਸਾ ਕਰਦਿਆਂ ਨਹੀਂ ਥੱਕਦੀ ਸੀ। ਹਾਲਾਂਕਿ ਇਕ ਸੱਚਾਈ ਇਹ ਹੈ ਕਿ ਬਿਹਾਰ ਵਿਚ 56 ਪ੍ਰਤੀਸ਼ਤ ਕਿਰਤ(ਮਜ਼ਦੂਰ) ਖੇਤੀ ਵਿਚ ਲੱਗੀ ਹੋਈ ਹੈ। 8 ਪ੍ਰਤੀਸ਼ਤ ਕਿਰਤ ਉਦਯੋਗ ਵਿੱਚ ਲੱਗੀ ਹੋਈ ਹੈ। ਬਿਹਾਰ ਵਿੱਚ ਅੱਜ ਵੀ 50% ਦੇ ਕਰੀਬ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ। 2005 ਵਿੱਚ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਰਾਜ ਵਿੱਚ ਇੰਨਾ ਵਿਕਾਸ ਕੀਤਾ ਜਾਵੇਗਾ ਕਿ ਰਾਜ ਦੇ ਲੋਕ ਰੁਜ਼ਗਾਰ ਲਈ ਦੂਜੇ ਰਾਜਾਂ ਵਿੱਚ ਨਹੀਂ ਜਾਣਗੇ ਪਰ 15 ਸਾਲਾਂ ਬਾਅਦ ਵੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।ਸਾਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਤਕਰੀਬਨ 2.9 ਕਰੋੜ ਲੋਕ ਰੁਜ਼ਗਾਰ ਲਈ ਦੂਜੇ ਰਾਜਾਂ ਵਿੱਚ ਗਏ ਸਨ। ਇਸ ਤੋਂ ਬਾਅਦ ਬਿਹਾਰ ਤੋਂ ਦੂਜੇ ਰਾਜਾਂ ਵੱਲ ਜਾਣ ਵਾਲੇ ਲੋਕਾਂ ਦੀ ਗਿਣਤੀ ਹੋਰ ਵੀ ਵੱਧ ਗਈ। ਇਸ ਵਿਚ ਉਨ੍ਹਾਂ  ਜਾਤੀਆਂ ਦੇ ਲੋਕ ਜ਼ਿਆਦਾ ਸਨ, ਜਿਨ੍ਹਾਂ ਦੇ ਵਿਕਾਸ ਦਾ ਸੱਤਾਧਾਰੀ  ਦਲ ਦਾਅਵਾ ਕਰਦਾ ਆ ਰਿਹਾ ਹੈ। ਦੂਜੇ ਰਾਜਾਂ ਵਿਚ ਕੰਮ ਕਰਨ ਵਾਲੇ ਬਿਹਾਰੀਆਂ ਦੀ ਬਹੁਗਿਣਤੀ ਅਨੁਸੂਚਿਤ ਜਾਤੀਆਂ,ਬਹੁਤ ਪਛੜੀਆਂ ਅਤੇ ਹੋਰ ਪਛੜੀਆਂ ਜਾਤੀਆਂ ਦੀ ਹੈ। ਬਿਹਾਰ ਤੋਂ ਦੂਜੇ ਰਾਜਾਂ ਵਿੱਚ ਪਰਵਾਸ ਕਰਨ ਵਾਲਿਆਂ ਵਿੱਚ 20 ਪ੍ਰਤੀਸ਼ਤ ਦਲਿਤ ਜਾਤੀ ਨਾਲ ਸਬੰਧਤ ਹਨ। 22 ਪ੍ਰਤੀਸ਼ਤ ਹੋਰ ਪਛੜੀਆਂ ਜਾਤੀਆਂ ਨਾਲ ਸਬੰਧਤ ਹਨ। ਜਦੋਂ ਕਿ 42 ਪ੍ਰਤੀਸ਼ਤ ਅਤਿ ਪਛੜੀਆਂ ਜਾਤੀਆਂ ਨਾਲ ਸਬੰਧਤ ਹਨ।

ਪਰਵਾਸੀ ਮਜ਼ਦੂਰਾਂ ਦਾ ਵਿਕਾਸ 'ਚ ਯੋਗਦਾਨ

ਜੇ ਐਨ.ਡੀ.ਏ ਸਰਕਾਰ ਵਿਚ ਪਛੜੀਆਂ, ਬਹੁਤੀਆਂ ਪਛੜੀਆਂ ਅਤੇ ਦਲਿਤ ਜਾਤੀਆਂ ਦਾ ਵਿਕਾਸ ਹੋਇਆ ਹੈ ਤਾਂ ਉਹ ਦੂਸਰੇ ਰਾਜਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਕਿਉਂ ਗਈਆਂ? ਇੰਨਾ ਹੀ ਨਹੀਂ ਬਿਹਾਰ ਦੇ ਵਿਕਾਸ ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਪ੍ਰਵਾਸੀ ਮਜ਼ਦੂਰ ਬਾਹਰੋਂ ਵੀ ਮਦਦ ਕਰਦੇ ਰਹੇ। ਬਿਹਾਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ। ਬਹੁਤੇ ਪ੍ਰਵਾਸੀ ਬਿਹਾਰੀ ਮਜ਼ਦੂਰ ਹਰ ਮਹੀਨੇ 3 ਤੋਂ 4 ਹਜ਼ਾਰ ਰੁਪਏ ਆਪਣੇ ਘਰ ਭੇਜਦੇ ਰਹੇ ਹਨ। ਘਰ ਦੇ ਮੈਂਬਰ ਇਸ ਪੈਸੇ ਨੂੰ ਬਾਜ਼ਾਰ ਵਿੱਚ ਖ਼ਰਚ ਕਰਦੇ ਹਨ। ਇਸ ਨਾਲ ਰਾਜ ਦੇ ਵਿਕਾਸ ਵਿਚ ਤੇਜ਼ੀ ਆਉਂਦੀ ਹੈ। ਇਕ ਅੰਦਾਜ਼ੇ ਅਨੁਸਾਰ ਦੂਜੇ ਰਾਜਾਂ ਵਿਚ ਕੰਮ ਕਰਨ ਵਾਲੇ ਬਿਹਾਰੀ 30 ਹਜ਼ਾਰ ਕਰੋੜ ਰੁਪਏ ਸਾਲਾਨਾ ਭੇਜਦੇ ਹਨ। ਇੰਨਾ ਹੀ ਨਹੀਂ ਬਿਹਾਰ ਦੇ ਬਹੁਤ ਸਾਰੇ ਲੋਕ ਖਾੜੀ ਦੇਸ਼ਾਂ ਵਿਚ ਵੀ ਮਜ਼ਦੂਰੀ ਕਰ ਰਹੇ ਹਨ। ਬਾਹਰੀ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਬਿਹਾਰੀ ਸਲਾਨਾ ਆਪਣੇ ਰਾਜ ਵਿੱਚ ਤਕਰੀਬਨ 7 ਹਜ਼ਾਰ ਕਰੋੜ ਰੁਪਏ ਭੇਜ ਰਹੇ ਹਨ ਪਰ ਕੋਰੋਨਾ ਅਤੇ ਤਾਲਾਬੰਦੀ ਨੇ ਵੀ ਇਸ 'ਤੇ ਮਾਰੂ ਅਸਰ ਪਾਇਆ ਹੈ।


Harnek Seechewal

Content Editor Harnek Seechewal