ਅੰਕਿਤਾ ਭੰਡਾਰੀ ਮਾਮਲਾ : ਖੁਦ ਪੈਦਾ ਕੀਤਾ ਗਿਆ ਸੰਕਟ

Friday, Jun 05, 2026 - 11:29 PM (IST)

ਅੰਕਿਤਾ ਭੰਡਾਰੀ ਮਾਮਲਾ : ਖੁਦ ਪੈਦਾ ਕੀਤਾ ਗਿਆ ਸੰਕਟ

ਨੈਸ਼ਨਲ ਡੈਸਕ- ਭਾਜਪਾ ਨੇ ਸਿਆਸੀ ਬਿਰਤਾਂਤਾਂ ਦੀ ਮਾਰਕੀਟਿੰਗ ਕਰਨ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ, ਜਿਸ ਕਾਰਨ ਉਹ ਇਕ ਤੋਂ ਬਾਅਦ ਇਕ ਸੂਬੇ ’ਚ ਵਿਰੋਧੀ ਪਾਰਟੀਆਂ ਨੂੰ ਹਰਾਉਣ ’ਚ ਸਫਲ ਹੋ ਰਹੀ ਹੈ। ਕੁਝ ਸਮੇਂ ਤਕ ਉੱਤਰਾਖੰਡ ’ਚ ਪੁਸ਼ਕਰ ਸਿੰਘ ਧਾਮੀ ਸਰਕਾਰ ਲਈ ਸਭ ਕੁਝ ਠੀਕ ਚੱਲ ਰਿਹਾ ਸੀ। ਡਿਲਿਵਰੀ ਤੇ ਸਿਆਸੀ ਪ੍ਰਬੰਧਨ ਦੇ ਮਾਮਲੇ ’ਚ ਉਸ ਦੀ ਆਰ. ਐੱਸ. ਐੱਸ. ਤੇ ਭਾਜਪਾ ਦੋਵਾਂ ਦੀ ਉੱਚ ਲੀਡਰਸ਼ਿਪ ’ਤੇ ਚੰਗੀ ਪਕੜ ਸੀ ਪਰ ਅੰਕਿਤਾ ਭੰਡਾਰੀ ਕਤਲ ਕੇਸ ਨੇ ਉਸ ਦੀਆਂ ਕਮੀਆਂ ਨੂੰ ਉਜਾਗਰ ਕਰ ਦਿੱਤਾ।

ਇਸ ਹੋਟਲ ਰਿਸੈਪਸ਼ਨਿਸਟ ਦੇ ਕਤਲ ਤੋਂ 3 ਸਾਲ ਤੋਂ ਵੀ ਵੱਧ ਸਮੇਂ ਬਾਅਦ ਅਤੇ ਮਾਮਲੇ ’ਚ ਮੁਲਜ਼ਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ 7 ਮਹੀਨਿਆਂ ਬਾਅਦ ਇਕ ਸੀਨੀਅਰ ਭਾਜਪਾ ਨੇਤਾ ਦੀ ਸ਼ਮੂਲੀਅਤ ਦੇ ਦੋਸ਼ ਸਾਹਮਣੇ ਆਏ ਹਨ। ਧਾਮੀ ਨੂੰ ਉਸ ਦੇ ਕਤਲ ’ਚ ਸ਼ਾਮਲ ਕਥਿਤ ‘ਵੀ. ਆਈ. ਪੀ.’ ਦੀ ਪਛਾਣ ਕਰਨ ਲਈ ਸੀ. ਬੀ. ਆਈ. ਜਾਂਚ ਦਾ ਹੁਕਮ ਦੇਣਾ ਪਿਆ।

ਇਹ ਕਾਂਗਰਸ ਲਈ ਇਕ ਵੱਡੀ ਰਾਹਤ ਸੀ। ਜੇ ਵੀ. ਆਈ. ਪੀ. ਦੀ ਪਛਾਣ ਕਰਨ ਲਈ ਸੀ. ਬੀ. ਆਈ. ਜਾਂਚ ਜ਼ਰੂਰੀ ਸੀ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਬੰਧੀ ਕਦਮ ਪਹਿਲਾਂ ਕਿਉਂ ਨਹੀਂ ਚੁੱਕਿਆ ਗਿਆ? ਸ਼ਾਇਦ ਇਹ ਉਦੋਂ ਸ਼ੁਰੂ ਹੋਇਆ ਜਦੋਂ ਸੂਬਾਈ ਭਾਜਪਾ ਪ੍ਰਧਾਨ ਮਹਿੰਦਰ ਭੱਟ ਨੇ ਮਾਮਲੇ ਦੇ ਵ੍ਹਿਸਲਬਲੋਅਰ ਨੂੰ ‘ਕਾਂਗਰਸ ਦੀ ਕਠਪੁਤਲੀ’ ਕਿਹਾ।

ਵ੍ਹਿਸਲਬਲੋਅਰ ਜੋ ਉੱਤਰ-ਪੂਰਬ ਦਾ ਇਕ ਵਿਦਿਆਰਥੀ ਹੈ, ਨੇ ਦਾਅਵਾ ਕੀਤਾ ਕਿ ‘ਜੀ’ ਨਾਂ ਦਾ ਇਕ ਵਿਅਕਤੀ ਅੰਕਿਤਾ ਭੰਡਾਰੀ ’ਤੇ ਦਬਾਅ ਪਾ ਰਿਹਾ ਸੀ। ਉਸ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਅੰਕਿਤਾ ਦੀ ਹੱਤਿਆ ਕਰ ਦਿੱਤੀ ਗਈ।

ਹੁਣ ਭਾਜਪਾ ਦੇ ਸੰਗਠਨਾਤਮਕ ਜਨਰਲ ਸਕੱਤਰ ਅਜੇ ਕੁਮਾਰ, ਜਿਨ੍ਹਾਂ ਦਾ ਨਾਂ ਅੰਕਿਤਾ ਦੇ ਕਤਲ ਸੰਬੰਧੀ ਸਾਹਮਣੇ ਆਇਆ ਹੈ, ਦਾ ਉੱਤਰਾਖੰਡ ਤੋਂ ਰਾਜਸਥਾਨ ’ਚ ਅਚਾਨਕ ਤਬਾਦਲਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਮਾਮਲਾ ਪਾਰਟੀ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਸਰਕਾਰ ਵਿਰੁੱਧ ਵਿਰੋਧ ਵਿਖਾਵੇ ਜੋ ਸਾਢੇ ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਸਨ, ਹੁਣ ਭਾਜਪਾ ਵਿਰੁੱਧ ਉਂਗਲ ਉੱਠਣ ਦੇ ਤਾਜ਼ਾ ਦਾਅਵਿਆਂ ਤੋਂ ਬਾਅਦ ਤੇਜ਼ ਹੋ ਗਏ ਹਨ। ਇਸੇ ਲਈ ਉਕਤ ਤਬਾਦਲਾ ਕੀਤਾ ਗਿਆ ਹੈ।


author

Rakesh

Content Editor

Related News