ਅਮਰੀਕਾ ''ਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Monday, Feb 24, 2020 - 09:34 AM (IST)

ਅਮਰੀਕਾ ''ਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਇਕ ਗ੍ਰੋਸਰੀ ਸਟੋਰ 'ਤੇ ਕੰਮ ਕਰਨ ਵਾਲੇ ਭਾਰਤੀ ਨੌਜਵਾਨ ਮਨਿੰਦਰ ਸਿੰਘ ਸਾਹੀ ਦੀ ਨਕਾਬਪੋਸ਼ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।  ਇਸ ਘਟਨਾ ਦੀ ਪੁਸ਼ਟੀ ਸਥਾਨਕ ਪੁਲਸ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਇਸੇ ਮਹੀਨੇ 31 ਸਾਲ ਦੇ ਹੋਏ ਸਨ। ਉਹ ਵਿਆਹੁਤਾ ਸਨ ਅਤੇ ਉਹਨਾਂ ਦੇ 2 ਬੱਚੇ ਹਨ। ਹਰਿਆਣਾ ਦੇ ਕਰਨਾਲ ਤੋਂ ਆਏ ਮਨਿੰਦਰ ਨੇ ਕਰੀਬ 6 ਮਹੀਨੇ ਪਹਿਲਾਂ ਅਮਰੀਕਾ ਵਿਚ ਰਾਜਨੀਤਕ ਸ਼ਰਨ ਲਈ ਸੀ।

ਮਨਿੰਦਰ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿਚ 7-11 ਗ੍ਰੋਸਰੀ ਸਟੋਰ ਵਿਚ ਕੰਮ ਕਰਦੇ ਸਨ। ਅਮਰੀਕਾ ਵਿਚ ਰਹਿ ਰਹੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਇਕੋਇਕ ਕਮਾਉਣ ਵਾਲਾ ਮੈਂਬਰ ਸੀ।ਪੁਲਸ ਮੁਤਾਬਕ ਘਟਨਾ ਸ਼ਨੀਵਾਰ ਸਵੇਰੇ 5:43 ਵਜੇ ਵਾਪਰੀ। ਪਹਿਲੀ ਨਜ਼ਰ ਵਿਚ ਇਸ ਮਾਮਲੇ ਨੂੰ ਲੁੱਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਸ ਮੁਤਾਬਕ ਲੁੱਟ ਦੇ ਇਰਾਦੇ ਨਾਲ ਸੈਮੀ ਆਟੋਮੈਟਿਕ ਬੰਦੂਕ ਲੈ ਕੇ ਦਾਖਲ ਹੋਏ ਸ਼ਖਸ ਨੇ ਮਨਿੰਦਰ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਕਿਹਾ,''ਅਣਪਛਾਤੇ ਕਾਰਨਾਂ ਕਾਰਨ ਸ਼ੱਕੀ ਨੇ ਮਨਿੰਦਰ ਨੂੰ ਗੋਲੀ ਮਾਰ ਦਿੱਤੀ। ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ।'' 

ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਸਟੋਰ ਵਿਚ ਦੋ ਗਾਹਕ ਵੀ ਸਨ, ਜੋ ਜ਼ਖਮੀ ਹਨ।ਸ਼ੱਕੀ ਨੂੰ ਗੈਰ ਗੋਰਾ ਬਾਲਗ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਈਟ 5 ਫੁੱਟ 7 ਇੰਚ ਦੇ ਕਰੀਬ ਹੋਵੇਗੀ। ਸ਼ੱਕੀ ਨੇ ਆਪਣਾ ਚਿਹਰਾ ਅੰਸ਼ਕ ਰੂਪ ਨਾਲ ਢੱਕਿਆ ਹੋਇਆ ਸੀ। ਪੀੜਤ ਦੇ ਭਰਾ ਨੇ ਲਾਸ਼ ਨੂੰ ਭਾਰਤ ਲਿਜਾਣ ਲਈ ਚੰਦਾ ਜੁਟਾਉਣ ਦੇ ਉਦੇਸ਼ ਨਾਲ ਗੋਫੰਡ ਪੇਜ ਬਣਾਇਆ ਹੈ। ਉਸ ਦੇ ਭਰਾ ਨੇ ਐਤਵਾਰ ਨੂੰ ਗੋਫੰਡ ਪੇਜ 'ਤੇ ਲਿਖਿਆ,''ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਬੱਚਿਆਂ ਦੀ ਉਮਰ 5 ਅਤੇ 9 ਸਾਲ ਹੈ। ਮੈਂ ਉਸ ਦੀ ਲਾਸ਼ ਭਾਰਤ ਲਿਜਾਣ ਵਿਚ ਮਦਦ ਚਾਹੁੰਦਾ ਹਾਂ ਤਾਂ ਜੋ ਉਸ ਦੀ ਪਤਨੀ ਅਤੇ ਬੱਚੇ ਉਸ ਦਾ ਚਿਹਰਾ ਆਖਰੀ ਵਾਰ ਦੇਖ ਸਕਣ।''


author

Vandana

Content Editor

Related News