ਦਿਲਾਂ 'ਚ ਪੰਜਾਬ ਵੱਸਦਾ ਪਰ ਵਾਪਸ ਨਹੀਂ ਮੁੜਨਾ ਚਾਹੁੰਦੇ ਦੁਬਈ ਦੇ ਟਰਾਂਸਪੋਟਰ, ਜਾਣੋ ਕਿਉਂ (ਵੀਡੀਓ)

10/13/2021 2:06:24 PM

ਜਲੰਧਰ (ਵੈੱਬ ਡੈਸਕ) : ਪਰਵਾਸ ਦੌਰਾਨ ਪੰਜਾਬੀ ਜਿੱਥੇ-ਜਿੱਥੇ ਵੀ ਗਏ ਉੱਥੇ ਤਰੱਕੀਆਂ ਦੇ ਝੰਡੇ ਗੱਡੇ।ਪੰਜਾਬੀਆਂ ਦੀ ਇਹ ਖ਼ਾਸੀਅਤ ਰਹੀ ਹੈ ਕਿ ਉਨ੍ਹਾਂ ਨੇ ਆਪਣੇ ਪਿਛੋਕੜ ਨੂੰ ਵੀ ਕਦੇ ਨਜ਼ਰਅੰਦਾਜ਼ ਨਹੀਂ ਕੀਤਾ । ਬੇਸ਼ੱਕ ਹਾਲਾਤ ਨੇ ਪੰਜਾਬ ਛੱਡਣ ਲਈ ਮਜਬੂਰ ਕਰ ਦਿੱਤਾ ਪਰ ਉਨ੍ਹਾਂ ਦੇ ਦਿਲੋਂ ਪੰਜਾਬ ਕਦੇ ਨਹੀਂ ਨਿਕਲਿਆ।ਇਹ ਲੋਕ ਜਿੱਥੇ ਆਪਣੇ ਕਾਰੋਬਾਰ ਅਤੇ ਪਰਵਾਸੀ ਦੇਸ਼ ਦੀ ਕਦਰ ਕਰਦੇ ਹਨ ਉਥੇ ਹੀ ਪੰਜਾਬ ਦੇ ਬਦਲ ਰਹੇ ਹਾਲਾਤ ਨੂੰ ਲੈ ਕੇ ਵੀ ਚਿੰਤਤ ਹਨ।ਇਨ੍ਹਾਂ ਦੀਆਂ ਚਿੰਤਾਵਾਂ ਜਾਇਜ਼ ਵੀ ਹਨ ਕਿਉਂਕਿ ਹੱਡ ਭੰਨ੍ਹਵੀਂ ਮਿਹਨਤ ਕਰਨ ਦੇ ਬਾਵਜੂਦ ਮਿਹਨਤ ਦਾ ਮੁੱਲ ਨਾ ਮਿਲਿਆ ਤਾਂ ਇਨ੍ਹਾਂ ਨੂੰ ਪੰਜਾਬ ਛੱਡ ਪਰਵਾਸ ਧਾਰਨ ਕਰਨਾ ਪਿਆ। ਗਲੋਬਲ ਪਿੰਡ ਵਿੱਚ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੀ ਪੰਜਾਬ ਵਸੇ ਲਏ ਹਨ, ਜਿਨ੍ਹਾਂ ਨੂੰ ਮਿੰਨੀ ਪੰਜਾਬ ਜਾਂ ਹੋਰ ਕਈ ਨਾਮ ਦਿੱਤੇ ਗਏ।

ਪੰਜਾਬੀਆਂ ਨੇ ਆਪਣੇ ਜੱਦੀ ਪੁਸ਼ਤੀ ਗੁਣ ਮਿਹਨਤ ਅਤੇ ਸਬਰ ਦਾ ਪੱਲਾ ਨਹੀਂ ਛੱਡਿਆ ਅਤੇ ਦੁਨੀਆ ਸਾਹਮਣੇ ਮਿਹਨਤੀ ਕੌਮ ਦੀ ਤਸਵੀਰ ਪੇਸ਼ ਕੀਤੀ ਹੈ। ਇਸ ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਐਨਾ ਸਭ ਕੁਝ ਹਾਸਲ ਕਰਨਾ ਖਾਲਾ ਜੀ ਦਾ ਵਾੜਾ ਨਹੀਂ ।ਪੂਰੇ ਦੌਰ ਅੰਦਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ ਤੇ ਹੁਣ ਵੀ ਨੇ।ਗੱਲ ਚਾਹੇ ਕਿਸੇ ਵੀ ਕਿੱਤੇ ਦੀ ਹੋਵੇ ਪਰ ਖ਼ਾਸ ਕਰ ਟਰੱਕ ਚਲਾਉਣ ਵਾਲੇ ਵੀਰਾਂ ਦੀਆਂ ਵੱਖਰੇ ਤਰ੍ਹਾਂ ਦੀਆਂ ਦੁਸ਼ਵਾਰੀਆਂ ਹਨ। ਰਾਤਾਂ ਟਰੱਕਾਂ 'ਚ ਗੁਜ਼ਾਰਨੀਆਂ ਪੈਂਦੀਆਂ ਨੇ।ਪਰਿਵਾਰ ਤੋਂ ਕਈ-ਕਈ ਦਿਨ ਦੂਰ ਰਹਿਣਾ ਪੈਂਦਾ ਹੈ। ਅੰਤ ਨੂੰ ਜਦੋਂ ਦੇਸ਼ ਮਿਹਨਤ ਦਾ ਮੁੱਲ ਮੋੜਦਾ ਹੈ ਤਾਂ ਇਨ੍ਹਾਂ ਨੂੰ ਸੁਫ਼ਨੇ ਸਾਕਾਰ ਹੁੰਦੇ ਲਗਦੇ ਨੇ।ਸ਼ਾਇਦ ਇਹੀ ਵਜ੍ਹਾ ਹੈ ਕਿ ਬਹੁ ਗਿਣਤੀ ਪਰਵਾਸੀ ਵਾਪਸ ਜੱਦੀ ਪਿੰਡ ਨਹੀਂ ਆਉਂਦੇ। ਅਜਿਹੇ ਕਿੰਨੇ ਕਾਰਨ ਨੇ ਕਿ ਪਰਵਾਸ ਨੇ ਦੁਨੀਆ ਸਮੇਤ ਪੰਜਾਬੀਆਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ।ਇਨ੍ਹਾਂ ਤਮਾਮ ਮਸਲਿਆਂ ਨੂੰ ਲੈ ਕੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨੇ ਪਿਛਲੇ ਦਿਨੀਂ ਦੁਬਈ ਦੀ ਯਾਤਰਾ ਦੌਰਾਨ ਟਰਾਂਸਪੋਰਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਜਾਣਿਆ।।ਵੇਖੋ ਵੀਡੀਓ...ਅਤੇ ਕੁਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ।

 


Harnek Seechewal

Content Editor

Related News