ਚੀਨ ਦਾ ਰੱਖਿਆ ਬਜਟ : ਜੰਗ ਦੀ ਤਿਆਰੀ ਦੇ ਸੰਕੇਤ

Sunday, Mar 12, 2023 - 11:02 AM (IST)

ਚੀਨ ਦਾ ਰੱਖਿਆ ਬਜਟ : ਜੰਗ ਦੀ ਤਿਆਰੀ ਦੇ ਸੰਕੇਤ

ਚੀਨ ਨੇ 5 ਮਾਰਚ ਨੂੰ ਵਿੱਤੀ ਸਾਲ 2023-23 ਦੇ ਲਈ ਰੱਖਿਆ ਬਜਟ ਨੂੰ 7.2 ਫੀਸਦੀ ਵਧਾ ਕੇ ਲਗਭਗ 225 ਅਰਬ ਡਾਲਰ ਭਾਵ ਕਿ 1550 ਅਰਬ ਯੂਆਨ ਖਰਚ ਕਰਨਾ ਤੈਅ ਕੀਤਾ ਹੈ ਜੋ ਕਿ ਪੇਈਚਿੰਗ ਦੇ ਫੌਜੀ ਬਜਟ ’ਚ ਲਗਾਤਾਰ 8ਵਾਂ ਵਾਧਾ ਹੈ। ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਵੱਲੋਂ ਬਜਟ ਪੇਸ਼ ਕਰਦੇ ਸਮੇਂ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨੂੰ ਜੰਗ ਦੀਆਂ ਤਿਆਰੀਆਂ ਵੱਲ ਵਧਣ ਦਾ ਸੱਦਾ ਿਦੱਤਾ ਗਿਆ। ਸੰਸਦ ਦੇ ਉਦਘਾਟਨੀ ਸੈਸ਼ਨ ’ਚ ਪੇਸ਼ ਕੀਤੀ ਗਈ ਕਾਰਜ ਰਿਪੋਰਟ ’ਚ ਸੁਰੱਖਿਆ ਬਲਾਂ ਦੀ ਉਪਲੱਬਧੀਆਂ ਨੂੰ ਗਿਣਾਏ ਬਗੈਰ ਅਣਸੁਲਝੇ ਬਾਰਡਰ ਅਤੇ ਉੱਤਰੀ ਲੱਦਾਖ ’ਚ ਤਣਾਅਪੂਰਵਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਫੌਜ ਨੇ ਬਾਰਡਰ ਡਿਫੈਂਸ ਦੇ ਮੁੱਖ ਮਕਸਦ ਦੇ ਨਾਲ ਬੜੀ ਦ੍ਰਿੜ੍ਹਤਾ ਅਤੇ ਬਦਲਣਯੋਗ ਢੰਗ ਨਾਲ ਨਿਰਧਾਰਿਤ ਮਿਸ਼ਨ ’ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਹੁਣ ਹਥਿਆਰਬੰਦ ਫੌਜਾਂ ਨੂੰ ਜੰਗ ਸਬੰਧੀ ਸਮਰੱਥਾ ਵਧਾਉਣੀ ਚਾਹੀਦੀ ਹੈ ਤਾਂ ਕਿ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਸੌਂਪਿਆ ਹੋਇਆ ਕੰਮ ਮੁਕੰਮਲ ਹੋ ਸਕੇ।’’

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, ‘‘ਸਾਡੀਆਂ ਹਥਿਆਰਬੰਦ ਫੌਜਾਂ ਦੇ ਕੇਂਦਰ ਬਿੰਦੂ ਪੀ. ਐੱਲ. ਏ. (ਪੀਪਲਜ਼ ਲਿਬਰੇਸ਼ਨ ਆਰਮੀ) ਦੀ 2027 ’ਚ ਪਹਿਲੀ ਸ਼ਤਾਬਦੀ ਦੇ ਸਮੇਂ ਤੱਕ ਜੰਗੀ ਸਿਖਲਾਈ ’ਚ ਮੁਹਾਰਤ ਹਾਸਲ ਕਰ ਕੇ ਫੌਜੀ ਆਪ੍ਰੇਸ਼ਨ ਲਈ ਤਿਆਰ-ਬਰ-ਤਿਆਰ ਰਹਿਣਾ ਹੋਵੇਗਾ।’’ ਚੀਨ ਦਾ ਟੀਚਾ ਆਪਣੀ ਫੌਜ ਨੂੰ ਦੁਨੀਆ ਦੀ ਸਭ ਤੋਂ ਵਧੀਆ ਫੌਜ ਬਣਾਉਣ ਦਾ ਹੈ। ਇਸ ਸਮੇਂ ਅਮਰੀਕਾ ਦੀ ਫੌਜ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਤੇ ਉਸ ਦਾ 2023 ਦਾ ਬਜਟ 816 ਬਿਲੀਅਨ ਡਾਲਰ ਹੈ। ਚੀਨ ਦਾ 2025 ਬਿਲੀਅਨ ਡਾਲਰ ਦਾ ਬਜਟ ਭਾਰਤ ਦੇ 5.9 ਲੱਖ ਕਰੋੜ ਤੋਂ 3 ਗੁਣਾ ਵੱਧ ਹੈ। ਚੀਨ ਦਾ ਰੱਖਿਆ ਬਜਟ ਬੇਸ਼ੱਕ ਅਮਰੀਕਾ ਦੇ ਬਾਅਦ ਦੂਜੀ ਥਾਂ ’ਤੇ ਆਉਂਦਾ ਹੈ ਪਰ ਉਸ ਦੀ 20 ਲੱਖ ਦੀ ਪੀ. ਐੱਲ. ਏ. ਸਭ ਤੋਂ ਵੱਧ ਹੈ।

ਚੀਨ ਦੇ ਪ੍ਰਧਾਨ ਮੰਤਰੀ ਵੱਲੋਂ ਰੱਖਿਆ ਬਜਟ ਦੇ ਬਾਰੇ ’ਚ ਚਰਚਾ ਕਰਦੇ ਸਮੇਂ ਵਾਰ-ਵਾਰ ਜੰਗੀ ਤਿਆਰੀ ’ਤੇ ਜ਼ੋਰ ਦੇਣ ਦੇ ਆਖਿਰ ਮਾਇਨੇ ਕੀ ਹਨ? ਅਜਿਹਾ ਜਾਪਦਾ ਹੈ ਕਿ ਪੀ. ਐੱਲ. ਏ. ਵੱਲੋਂ ਪੂਰਬੀ ਲੱਦਾਖ ’ਚ ਮਈ 2020 ’ਚ ਹਮਲਾ ਸ਼ਕਤੀ ਵਾਲਾ ਸੰਦੇਸ਼ ਲੁਕਿਆ ਹੋਇਆ ਤਾਂ ਨਹੀਂ? ਚੀਨ ਦਾ ਟੀਚਾ ਅਤੇ ਭੂਗੋਲਿਕ ਸਥਿਤੀ : ਬੀਜਿੰਗ ਵਿਸਤਾਰਵਾਦੀ ਨੀਤੀ ਕਾਰਨ ਆਉਣ ਵਾਲੇ ਸਮੇਂ ’ਚ ਆਰਥਿਕ, ਉਦਯੋਗਿਕ, ਤਕਨੀਕ, ਸਪੇਸ ਅਤੇ ਖਾਸ ਤੌਰ ’ਤੇ ਫੌਜ ਤੇ ਪ੍ਰਮਾਣੂ ਸ਼ਕਤੀ ਦੇ ਤੌਰ ’ਤੇ ਅਮਰੀਕਾ ਨੂੰ ਪਛਾੜਦੇ ਹੋਏ ਵਿਸ਼ਵ ਗੁਰੂ ਬਣਨ ਦਾ ਖਿਆਲ ਰੱਖਦਾ ਹੈ। ਜਿਸ ਢੰਗ ਨਾਲ ਚੀਨ ਦੇ ਜਾਸੂਸੀ ਗੁਬਾਰੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੇਖਣ ਨੂੰ ਮਿਲੇ ਅਤੇ ਅਮਰੀਕਾ ਵਲੋਂ ਮਿਜ਼ਾਈਲ ਦੀ ਵਰਤੋਂ ਨਾਲ ਉਨ੍ਹਾਂ ਗੁਬਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਚੀਨ ਦੇ ਇਰਾਦੇ ਨੇਕ ਨਹੀਂ ਹਨ।

ਜ਼ਿਕਰਯੋਗ ਇਹ ਵੀ ਹੈ ਕਿ ਵਿਸ਼ਵ ਪੱਧਰੀ ਰਣਨੀਤਕ ਪੱਖ ਤੋਂ ਦੱਖਣੀ ਚੀਨ ਸਾਗਰ ਬੇਹੱਦ ਮਹੱਤਵਪੂਰਨ ਖੇਤਰ ਹੈ। ਇਸੇ ਖੇਤਰ ’ਚ ਪੀ. ਐੱਲ. ਏ. ਦਾ ਫਾਈਟਰ ਜੈੱਟ ਅਮਰੀਕਾ ਦੇ ਸਰਵੇਖਣ ਵਾਲੇ ਜਹਾਜ਼ ਨਾਲ ਟਕਰਾਉਂਦੇ ਹੋਏ ਬਚਿਆ ਹੈ। ਇਸ ਤੋਂ ਪਹਿਲਾਂ ਵੀ ਸਾਲ 2001 ’ਚ ਪੀ. ਐੱਲ. ਏ. ਦਾ ਜਹਾਜ਼ ਅਮਰੀਕਾ ਦੇ ਜਹਾਜ਼ ਨਾਲ ਟਕਰਾਇਆ ਜਿਸ ’ਚ ਚੀਨ ਦੇ ਪਾਇਲਟ ਦੀ ਮੌਤ ਹੋ ਗਈ ਪਰ ਅਮਰੀਕਾ ਦੇ ਪਾਇਲਟ ਨੂੰ ਪੀ. ਐੱਲ. ਏ. ਦੀ ਇਕ ਟੁਕੜੀ ਨੇ ਉਦੋਂ ਦਬੋਚ ਲਿਆ ਜਦੋਂ ਉਸ ਨੂੰ ਐਮਰਜੈਂਸੀ ’ਚ ਲੈਂਡਿੰਗ ਕਰਨੀ ਪਈ।ਇਹ ਘਟਨਾ ‘ਹੇਨਾਨ ਘਟਨਾ’ ਦੇ ਤੌਰ ’ਤੇ ਜਾਣੀ ਜਾਂਦੀ ਹੈ। ਬਿਨਾਂ ਸ਼ੱਕ ਦੱਖਣੀ ਚੀਨ ਸਾਗਰ ਵਿਸ਼ਵ ਭਰ ਦੀ ਊਰਜਾ ਤੋਂ ਲੈ ਕੇ ਸੈਮੀਕੰਡਕਟਰ ਚਿਪਸ ਵਰਗੀਆਂ ਨਾਜ਼ੁਕ ਲੋੜਾਂ ਨੂੰ ਪੂਰਾ ਕਰਦਾ ਹੈ। ਇਸ ਦੇ ਲਈ ਸਮੁੰਦਰੀ ਆਵਾਜਾਈ ਬੇਹੱਦ ਮਹੱਤਵਪੂਰਨ ਹੈ।ਚੀਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੀ ਹਿੰਦ ਪ੍ਰਸ਼ਾਂਤ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮਰੀਕਾ, ਭਾਰਤ, ਜਾਪਾਨ ਤੇ ਆਸਟ੍ਰੇਲੀਆ ਨੂੰ ਮਿਲਾ ਕੇ ਬਣਿਆ ‘ਕਵਾਡ’ ਹੋਵੇ ਜਾਂ ਆਸਟ੍ਰੇਲੀਆ, ਬ੍ਰਿਟੇਨ ਤੇ ਅਮਰੀਕਾ ਨੂੰ ਸ਼ਾਮਲ ਕਰ ਕੇ ‘ਯੂ. ਕੇ., ਯੂ. ਐੱਸ.’ ਵਰਗੇ ਸੰਗਠਨਾਂ ਦਾ ਮਕਸਦ ਚੀਨ ਨੂੰ ਖਿਲਾਰਨ ਦਾ ਹੈ। ਬੀਜਿੰਗ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣਾ ਨਜ਼ਰੀਆ ਬਦਲੇ ਨਹੀਂ ਤਾਂ ਝੜਪ ਦੇ ਲਈ ਤਿਆਰ ਰਹੇ। ਇਸ ਦਾ ਪ੍ਰਭਾਵ ਭਾਰਤ ’ਤੇ ਵੀ ਪੈਣਾ ਸੁਭਾਵਿਕ ਹੈ। ਇਸੇ ਢੰਗ ਨਾਲ ਤਾਈਵਾਨ ਮੁੱਦੇ ’ਤੇ ਅਮਰੀਕਾ-ਚੀਨ ਦੇ ਦਰਮਿਆਨ ਖਿੱਚੋਤਾਣ ਭਾਰਤ ਦੀ ਵਿਦੇਸ਼ ਨੀਤੀ ਨੂੰ ਵੀ ਪ੍ਰਭਾਵਿਤ ਕਰੇਗੀ।

ਬਾਜ ਵਾਲੀ ਨਜ਼ਰ : ਭਾਰਤ ਦੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਆਰਮੀ ਦਿਵਸ ਪਰੇਡ ਤੋਂ ਪਹਿਲਾਂ 12 ਜਨਵਰੀ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਸਥਿਰ ਅਤੇ ਕੰਟਰੋਲ ’ਚ ਜ਼ਰੂਰ ਹਨ ਪਰ ਇਹ ਆਸ ਅਨੁਸਾਰ ਨਹੀਂ ਹੈ। ਉਨ੍ਹਾਂ ਕਿਹਾ, ‘‘ਅਸੀਂ ਪੂਰਬੀ ਲੱਦਾਖ ’ਚ ਐੱਲ. ਏ. ਸੀ. ਦੇ ਝਗੜੇ ਵਾਲੀਆਂ 7 ਥਾਵਾਂ ’ਚੋਂ 5 ਦਾ ਨਿਪਟਾਰਾ ਕਰ ਚੁੱਕੇ ਹਾਂ।’’ ਮੈਂ ਇੱਥੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਦੋਂ ਪੀ. ਐੱਲ. ਏ. ਦੀਆਂ ਟੁਕੜੀਆਂ 5-6 ਮਈ, 2020 ਨੂੰ ਐੱਲ. ਏ. ਸੀ. ਨੂੰ ਪਾਰ ਕਰ ਕੇ ਪੇਂਗੋਂਗ ਤਸੋ ਝੀਲ ਦੇ ਉੱਤਰ-ਪੂਰਬ ਵੱਲ ਭਾਰਤੀ ਇਲਾਕੇ ’ਚ ਦਾਖਲ ਹੋ ਕਿ ਘਿਨੌਣੀਆਂ ਹਰਕਤਾਂ ’ਤੇ ਉਤਰ ਆਈਆਂ, ਫਿਰ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਕਈ ਬੈਠਕਾਂ ਦੌਰਾਨ ਚੀਨੀਆਂ ਨੂੰ ਭਜਾਇਆ ਨਾ ਜਾ ਸਕਿਆ ਤਾਂ ਸਾਡੀ ਫੌਜ ਨੇ ਫਿੰਗਰ 4 ਦੇ ਦੱਖਣ ਵੱਲ ਪੈਂਦੇ 15000 ਫੁੱਟ ਵਾਲੇ ਕੈਲਾਸ਼ ਰੇਂਜ ਦੀਆਂ ਰਣਨੀਤਕ ਮਹੱਤਤਾ ਵਾਲੀਆਂ 6-7 ਚੋਟੀਆਂ ਦੇ ਉਪਰ ਅਗਸਤ 2021 ’ਚ ਕਬਜ਼ਾ ਕਰ ਿਲਆ। ਉਦੋਂ ਜਾ ਕੇ ਗੋਗਰ-ਹਾਟ ਸਪ੍ਰਿੰਗ, ਪੈਟਰੋਲਿੰਗ ਪੁਆਇੰਟ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟੀਆਂ ਜੋ ਕਿ ਵੱਡਾ ਮਸਲਾ ਨਹੀਂ ਸੀ।

ਚੀਨ ਦੇ 225 ਅਰਬ ਡਾਲਰ ਦੇ ਰੱਖਿਆ ਬਜਟ ਦੇ ਇਲਾਵਾ ਕੁਝ ਅਜਿਹੇ ਪਹਿਲੂ ਹਨ ਜੋ ਕਿ ਭਾਰਤ ਦੀ ਸੁਰੱਖਿਆ ਨੀਤੀ ਤੇ ਜੰਗੀ ਤਿਆਰੀ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਣ ਦੇ ਤੌਰ ’ਤੇ ਡ੍ਰੈਗਨ ਦੀ ਚੀਨ-ਪਾਕਿਸਤਾਨ ਦਾ ਆਰਥਿਕ ਗਲਿਆਰਾ, ਬ੍ਰਹਮਪੁੱਤਰ ਦਰਿਆ ਉਪਰ ਡੈਮਾਂ ਦੀ ਉਸਾਰੀ, ਸਾਡੇ ਗੁਆਂਢੀ ਦੇਸ਼ਾਂ ਨੂੰ ਆਰਥਿਕ ਅਤੇ ਫੌਜੀ ਸਹਾਇਤਾ ਨਾਲ ਭਾਰਤ ਦੀ ਘੇਰਾਬੰਦੀ ਕਰਨ ਦੀ ਯੋਜਨਾ ਹੈ। ਹਾਲ ਹੀ ’ਚ ਅਮਰੀਕੀ ਸਰਕਾਰ ਦੀ ਖੁਫੀਆ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ-ਚੀਨ ਅਤੇ ਭਾਰਤ-ਪਾਕਿਸਤਾਨ ਦਰਮਿਆਨ ਝੜਪ ਦਾ ਮਾਹੌਲ ਬਣਨ ਨਾਲ ਜੰਗ ਦਾ ਖਦਸ਼ਾ ਹੈ।

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ (ਰਿਟਾ.)


author

Vandana

Content Editor

Related News