ਵਰ੍ਹਦੇ ਮੀਂਹ 'ਚ ਸਾਈਕਲ 'ਤੇ 15 ਮਿੰਟਾਂ ਅੰਦਰ 'ਚਾਹ' ਲੈ ਕੇ ਪਹੁੰਚਿਆ ਜ਼ੋਮੈਟੋ ਬੁਆਏ, ਇਨਾਮ 'ਚ ਮਿਲੀ ਬਾਈਕ
Tuesday, Jun 22, 2021 - 12:10 PM (IST)
ਹੈਦਰਾਬਾਦ- ਤੇਲੰਗਾਨਾ ਦੇ ਹੈਦਰਾਬਾਦ ਤੋਂ ਦਰਿਆਦਿਲੀ ਦੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਤੁਹਾਡਾ ਵੀ ਦਿਲ ਖ਼ੁਸ਼ ਹੋ ਜਾਵੇਗਾ। ਦਰਅਸਲ ਇੱਥੇ ਇਕ ਸ਼ਖਸ ਨੇ ਜ਼ੋਮੈਟੋ ਡਿਲਿਵਰੀਬੁਆਏ ਲਈ 73 ਹਜ਼ਾਰ ਦਾ ਫ਼ੰਡ ਇਕੱਠਾ ਕੀਤਾ ਅਤੇ ਤੋਹਫ਼ੇ ਵਜੋਂ ਉਸ ਨੂੰ ਬਾਈਕ ਦਿੱਤੀ। ਹੁਣ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਹੈਦਰਾਬਾਦ ਦੇ ਕੋਟੀ ਖੇਤਰ 'ਚ ਰਹਿਣ ਵਾਲੇ ਰੌਬਿਨ ਮੁਕੇਸ਼ ਆਈ.ਟੀ. ਸੈਕਟਰ ’ਚ ਕੰਮ ਕਰਦੇ ਹਨ ਅਤੇ ਫ਼ਿਲਹਾਲ ‘ਵਰਕ ਫ਼੍ਰੌਮ ਹੋਮ’ ਕਰ ਰਹੇ ਹਨ। ਉਨ੍ਹਾਂ ਫ਼ੂਡ ਡਿਲਿਵਰੀ ਐਪ ਜ਼ੋਮੈਟੋ ਤੋਂ ਸਵੇਰੇ ਕਰੀਬ 10 ਵਜੇ ਚਾਹ ਆਰਡਰ ਕੀਤੀ। ਉਸ ਸਮੇਂ ਕਾਫ਼ੀ ਮੀਂਹ ਪੈ ਰਿਹਾ ਸੀ।
ਇਕ ਸਾਲ ਤੋਂ ਸਾਈਕਲ 'ਤੇ ਹੀ ਪਹੁੰਚਾ ਰਿਹਾ ਸੀ ਆਰਡਰ
ਰੌਬਿਨ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਫ਼ਤਰ ਦਾ ਸਮਾਂ ਸ਼ੁਰੂ ਹੋ ਗਿਆ ਸੀ ਅਤੇ ਮੈਂ ਜ਼ੋਮੈਟੋ ਤੋਂ ਚਾਹ ਮੰਗਵਾਈ। ਇਹ ਆਰਡਰ ਡਿਲਿਵਰੀਬੁਆਏ ਮੁਹੰਮਦ ਅਕੀਲ ਨੂੰ ਮਿਲਿਆ ਸੀ। ਰੌਬਿਨ ਨੇ ਦੱਸਿਆ ਕਿ ਅਗਲੇ 15 ਮਿੰਟਾਂ ਅੰਦਰ ਇਸ ਡਿਲਿਵਰੀਬੁਆਏ ਦਾ ਫ਼ੋਨ ਆ ਗਿਆ। ਉਸ ਨੇ ਮੈਨੂੰ ਕਿਹਾ ਸਰ ਮੈਂ ਪਹੁੰਚ ਗਿਆ ਹੈ, ਮੈਂ ਉਸ ਦਾ ਆਰਡਰ ਪਹੁੰਚਾਉਣ ਦੀ ਸਪੀਡ ਤੋਂ ਹੈਰਾਨ ਹੋ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਇੰਨੀ ਦੂਰੋਂ ਸਾਈਕਲ 'ਤੇ ਵੀ ਸਿਰਫ਼ 15 ਮਿੰਟਾਂ ’ਚ ਪੁੱਜ ਗਿਆ ਸੀ। ਰੌਬਿਨ ਨੇ ਅੱਗੇ ਕਿਹਾ ਕਿ ਜਦੋਂ ਮੈਂ ਉਸ ਤੋਂ ਪੁੱਛਿਆ ਕਿ ਉਹ ਇੰਨੀ ਛੇਤੀ ਆਰਡਰ ਲੈ ਕੇ ਕਿਵੇਂ ਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਇਕ ਸਾਲ ਤੋਂ ਸਾਈਕਲ 'ਤੇ ਹੀ ਆਰਡਰ ਪਹੁੰਚਾ ਰਿਹਾ ਹੈ। ਮੈਂ ਉਸ ਦੀ ਮਿਹਨਤ ਅਤੇ ਲਗਨ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮੈਂ ਉਸ ਦੀ ਮਦਦ ਕਰਨ ਬਾਰੇ ਸੋਚਿਆ।
ਬਾਈਕ ਖਰੀਦਣ ਲਈ ਇਕੱਠਾ ਕੀਤਾ ਫ਼ੰਡ
ਰੌਬਿਨ ਨੇ ਇਸ ਤੋਂ ਬਾਅਦ ਅਕੀਲ ਤੋਂ ਪੁੱਛ ਕੇ ਉਸ ਦੀ ਤਸਵੀਰ ਲੈ ਲਈ। ਰੌਬਿਨ ਨੂੰ ਇਹ ਵੀ ਪਤਾ ਲੱਗਾ ਕਿ ਅਕੀਲ ਇੰਜਨੀਅਰਿੰਗ ਦੀ ਪੜ੍ਹਾਈ ਵੀ ਕਰ ਰਿਹਾ ਹੈ। ਰੌਬਿਨ ਨੇ ਦੱਸਿਆ ਕਿ ਮੈਂ ਇਸ ਤੋਂ ਬਾਅਦ ਅਕੀਲ ਦੀ ਤਸਵੀਰ ਪਾ ਕੇ ਇਕ ਫ਼ੂਡ ਐਂਡ ਟ੍ਰੈਵਲ ਫ਼ੇਸਬੁੱਕ 'ਤੇ ਪੂਰੀ ਸਟੋਰੀ ਹੀ ਲਿਖ ਦਿੱਤੀ। ਰੌਬਿਨ ਨੇ ਲੋਕਾਂ ਤੋਂ ਅਕੀਲ ਲਈ ਬਾਈਕ ਖਰੀਦਣ ਦੀ ਮਦਦ ਮੰਗੀ। ਦੇਖਦੇ ਹੀ ਦੇਖਦੇ 12 ਘੰਟਿਆਂ ਅੰਦਰ ਅਕੀਲ ਦੀ ਬਾਈਕ ਖਰੀਦਣ ਲਈ 73 ਹਜ਼ਾਰ ਰੁਪਏ ਇਕੱਠੇ ਹੋ ਗਏ। ਫਿਰ ਉਨ੍ਹਾਂ ਪੈਸਿਆਂ ਨਾਲ ਰੌਬਿਨ ਨੇ ਅਕੀਲ ਲਈ ਇਕ ਟੀ.ਵੀ.ਐੱਸ. ਐਕਸਐੱਲ ਬਾਈਕ ਖਰੀਦੀ। ਫੰਡ ਤੋਂ ਬਚੇ 5 ਹਜ਼ਾਰ ਰੁਪਏ ਵੀ ਰੌਬਿਨ ਨੇ ਅਕੀਲ ਨੂੰ ਉਸ ਦੀ ਕਾਲਜ ਫ਼ੀਸ ਲਈ ਦੇ ਦਿੱਤੇ।