ਯੁਵਰਾਜ ਇੰਜੀਨੀਅਰ ਦੀ ਮੌਤ ਦੇ ਮਾਮਲੇ ''ਚ ਨੋਇਡਾ ਪੁਲਸ ਦੀ ਵੱਡੀ ਕਾਰਵਾਈ ! 2 ਹੋਰ ਬਿਲਡਰਾਂ ਨੂੰ ਕੀਤਾ ਗ੍ਰਿਫ਼ਤਾਰ
Thursday, Jan 22, 2026 - 04:59 PM (IST)
ਨੈਸ਼ਨਲ ਡੈਸਕ- ਨੋਇਡਾ ਪੁਲਸ ਨੇ ਵੀਰਵਾਰ ਨੂੰ ਇੱਕ ਸਾਫਟਵੇਅਰ ਇੰਜੀਨੀਅਰ ਦੀ ਮੌਤ ਦੀ ਜਾਂਚ ਦੇ ਸਬੰਧ ਵਿੱਚ ਦੋ ਹੋਰ ਬਿਲਡਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਅਨੁਸਾਰ, ਸਾਫਟਵੇਅਰ ਇੰਜੀਨੀਅਰ ਦੀ ਕਾਰ ਸੈਕਟਰ 150 ਵਿੱਚ ਪਾਣੀ ਨਾਲ ਭਰੀ ਖੱਡ ਵਿੱਚ ਡਿੱਗ ਗਈ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਵੀ ਬਾਂਸਲ ਅਤੇ ਸਚਿਨ ਕਰਨਵਾਲ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਵਿੱਚ ਕੰਮ ਕਰਨ ਵਾਲਾ 27 ਸਾਲਾ ਸਾਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ 16 ਜਨਵਰੀ ਦੀ ਰਾਤ ਨੂੰ ਸੈਕਟਰ 150 ਵਿੱਚ ਘਰ ਵਾਪਸ ਆ ਰਿਹਾ ਸੀ ਜਦੋਂ ਉਸਦੀ ਕਾਰ ਇੱਕ ਉਸਾਰੀ ਵਾਲੀ ਥਾਂ ਦੇ ਨੇੜੇ ਪਾਣੀ ਨਾਲ ਭਰੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਯੁਵਰਾਜ ਮਹਿਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ, ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 105, 106 ਅਤੇ 125 ਦੇ ਤਹਿਤ ਨੌਲੇਜ ਪਾਰਕ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ, ਪੁਲਸ ਨੇ ਮਾਮਲੇ ਦੇ ਸਬੰਧ ਵਿੱਚ ਐਮਜ਼ੈਡ ਵਿਜ਼ਟਾਊਨ ਪਲੈਨਰਜ਼ ਦੇ ਡਾਇਰੈਕਟਰ ਅਭੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
