ਚੋਣ ਹਾਰਨ ਪਿੱਛੋਂ ਵੀ YSRCP ਤੇ ਬੀਜਦ ਦੀ ਅਹਿਮੀਅਤ ਨਹੀਂ ਘਟੀ, ਰਾਜ ਸਭਾ ’ਚ ਦੋਵਾਂ ਦੇ 20 ਸੰਸਦ ਮੈਂਬਰ
Tuesday, Jun 18, 2024 - 07:38 PM (IST)
ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੀ ਵਾਈ. ਐੱਸ. ਆਰ. ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਤੇ ਓਡਿਸ਼ਾ ਦੀ ਬੀਜੂ ਜਨਤਾ ਦਲ (ਬੀਜਦ) ਦੀ ਚੋਣ ਹਾਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਵਿਚ ਅਹਿਮੀਅਤ ਘੱਟ ਨਹੀਂ ਹੋਈ। ਬੀਜਦ-ਵਾਈ. ਐੱਸ. ਆਰ. ਕੋਲ 20 ਰਾਜ ਸਭਾ ਮੈਂਬਰ ਹਨ ਅਤੇ ਦੋਵਾਂ ਹੀ ਪਾਰਟੀਆਂ ਕੋਲ ਚੰਗੀ ਗਿਣਤੀ ਹੋਣ ਕਾਰਨ ਬਿੱਲ ਪਾਸ ਕਰਾਉਣ ’ਚ ਸਰਕਾਰ ਨੂੰ ਉਨ੍ਹਾਂ ਦੀ ਮਦਦ ਲੈਣੀ ਪੈ ਸਕਦੀ ਹੈ।
ਰਾਜ ਸਭਾ ’ਚ ਕਿਸ ਦੇ ਕੋਲ ਕਿੰਨੇ ਸੰਸਦ ਮੈਂਬਰ?
ਰਿਪੋਰਟ ਮੁਤਾਬਕ ਵਾਈ. ਐੱਸ. ਆਰ. ਸੀ. ਪੀ. ਕੋਲ 11 ਰਾਜ ਸਭਾ ਮੈਂਬਰ ਹਨ, ਜਦੋਂਕਿ ਬੀਜਦ ਕੋਲ 9 ਸੰਸਦ ਮੈਂਬਰ ਹਨ। ਮੌਜੂਦਾ ਸਮੇਂ ’ਚ 245 ਮੈਂਬਰੀ ਰਾਜ ਸਭਾ ਵਿਚ 117 ਐੱਨ. ਡੀ. ਏ. ਦੇ ਸੰਸਦ ਮੈਂਬਰ, 80 ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰ ਅਤੇ 33 ਹੋਰ ਸੰਸਦ ਮੈਂਬਰ ਹਨ। ਚੁਣੇ ਗਏ ਮੈਂਬਰਾਂ ਲਈ 10 ਅਤੇ ਨਾਮਜ਼ਦ ਮੈਂਬਰਾਂ ਲਈ 5 ਥਾਵਾਂ ਖਾਲੀ ਹਨ। 10 ਚੁਣੇ ਗਏ ਮੈਂਬਰਾਂ ਦੀ ਜਿਹੜੀ ਥਾਂ ਖਾਲੀ ਹੈ, ਉਸ ਵਿਚ ਭਾਜਪਾ ਕੋਲ 7, ਕਾਂਗਰਸ ਕੋਲ 2 ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਕੋਲ ਇਕ ਸੀਟ ਹੈ। ਫਿਲਹਾਲ ਭਾਜਪਾ ਇਨ੍ਹਾਂ ਵਿਚੋਂ ਘੱਟੋ-ਘੱਟ 6 ਸੀਟਾਂ ਜਿੱਤਣ ਦਾ ਦਮ ਰੱਖਦੀ ਹੈ। ਅਜਿਹੀ ਸਥਿਤੀ ’ਚ ਐੱਨ. ਡੀ. ਏ. ਨੂੰ ਕਾਨੂੰਨ ਪਾਸ ਕਰਨ ਲਈ ਦੂਜਿਆਂ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ ਪਰ ਵਾਈ. ਐੱਸ. ਆਰ. ਸੀ. ਪੀ. ਤੇ ਬੀਜਦ ਦਾ ਸਮਰਥਨ ਉਸ ਨੂੰ ਆਰਾਮਦੇਹ ਸਥਿਤੀ ’ਚ ਰੱਖੇਗਾ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਜਦ ਨੇ ਅਜੇ ਤਕ ਆਪਣੀ ਰਾਜ ਸਭਾ ਰਣਨੀਤੀ ਬਾਰੇ ਗੱਲ ਨਹੀਂ ਕੀਤੀ। ਹਾਲਾਂਕਿ ਪਿਛਲੇ ਕੁਝ ਸਾਲਾਂ ’ਚ ਪਾਰਟੀ ਜ਼ਿਆਦਾਤਰ ਸੰਸਦ ਵਿਚ ਭਾਜਪਾ ਦੇ ਨਾਲ ਗੱਠਜੋੜ ਕਰਦੀ ਰਹੀ ਹੈ। ਵਾਈ. ਐੱਸ. ਆਰ. ਸੀ. ਪੀ. ਨੇ ਕਿਹਾ ਹੈ ਕਿ ਉਹ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਨੂੰ ਮੁੱਦਾ-ਆਧਾਰਤ ਸਮਰਥਨ ਦੇਵੇਗੀ। ਪਿਛਲੇ ਹਫਤੇ ਦਿੱਲੀ ਵਿਚ ਵਾਈ. ਐੱਸ. ਆਰ. ਸੀ. ਪੀ. ਦੇ ਨੇਤਾ ਵੀ. ਵਿਜੇਸਾਈਂ ਰੈੱਡੀ ਨੇ ਕੇਂਦਰ ਸਰਕਾਰ ਨੂੰ ਆਂਧਰਾ ਪ੍ਰਦੇਸ਼ ਵਿਚ ਚੋਣਾਂ ਸਬੰਧੀ ਹਿੰਸਾ ਦਾ ਜਾਇਜ਼ਾ ਲੈਣ ਲਈ ਕਿਹਾ ਸੀ ਅਤੇ ਦੱਸਿਆ ਸੀ ਕਿ ਐੱਨ. ਡੀ. ਏ. ਨੂੰ ਰਾਜ ਸਭਾ ਵਿਚ ਬਿੱਲ ਪਾਸ ਕਰਨ ਲਈ ਸਾਡੀ ਗਿਣਤੀ ਦੀ ਲੋੜ ਪਵੇਗੀ।
ਵਾਈ. ਐੱਸ. ਆਰ. ਸੀ. ਪੀ. ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਜਪਾ ਤੋਂ ਬਾਅਦ ਐੱਨ. ਡੀ. ਏ. ਦੀ ਦੂਜੀ ਸਭ ਤੋਂ ਵੱਡੀ ਪਾਰਟੀ ਟੀ. ਡੀ. ਪੀ. ’ਤੇ ਚੋਣਾਂ ਦੌਰਾਨ ਜ਼ਿਆਦਤੀਆਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਾਡੀ ਸ਼ਿਕਾਇਤ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦੋਵਾਂ ਵਿਚ ਮਿਲਾ ਕੇ ਸਾਡੇ ਕੋਲ 15 ਸੰਸਦ ਮੈਂਬਰ ਹਨ। ਇਹ ਟੀ. ਡੀ. ਪੀ. ਦੀ ਗਿਣਤੀ ਨਾਲੋਂ ਸਿਰਫ ਇਕ ਸੰਸਦ ਮੈਂਬਰ ਘੱਟ ਹੈ।
ਟੀ. ਡੀ. ਪੀ. ਨੇ ਆਂਧਰਾ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ’ਚ 135 ਸੀਟਾਂ ਅਤੇ 16 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਵਾਈ. ਐੱਸ. ਆਰ. ਸੀ. ਪੀ. 11 ਵਿਧਾਨ ਸਭਾ ਸੀਟਾਂ ’ਤੇ ਸਿਮਟ ਗਈ ਅਤੇ ਲੋਕ ਸਭਾ ਵਿਚ ਉਸ ਦੇ 4 ਸੰਸਦ ਮੈਂਬਰ ਹਨ। ਵਾਈ. ਐੱਸ. ਆਰ. ਸੀ. ਪੀ. ਨੇ ਸਪਸ਼ਟ ਕੀਤਾ ਹੈ ਕਿ ਉਹ ਐੱਨ. ਡੀ. ਏ. ਜਾਂ ‘ਇੰਡੀਆ’ ਗੱਠਜੋੜ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਲਈ ਤਿਆਰ ਨਹੀਂ। ਰੈੱਡੀ ਨੇ ਕਿਹਾ ਕਿ ਅਸੀਂ ਉਨ੍ਹਾਂ ਮਾਮਲਿਆਂ ਦਾ ਸਮਰਥਨ ਕਰਾਂਗੇ, ਜੋ ਦੇਸ਼ ਦੇ ਹਿੱਤ ਵਿਚ ਹਨ। ਵਾਈ. ਐੱਸ. ਆਰ. ਸੀ. ਪੀ. ਦੇ ਫੈਸਲੇ ਸੰਵਿਧਾਨਕ ਕਦਰਾਂ-ਕੀਮਤਾਂ ’ਤੇ ਆਧਾਰਤ ਹੋਣਗੇ। ਪਾਰਟੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ’ਤੇ ਕਿਸੇ ਵੀ ਕਾਨੂੰਨ ਦਾ ਸਮਰਥਨ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਯੂ. ਸੀ. ਸੀ. ਦਾ ਸਮਰਥਨ ਨਹੀਂ ਕਰਾਂਗੇ। ਹਾਲਾਂਕਿ ਪਾਰਟੀ ਨੇ ਇਹ ਜਨਤਕ ਨਹੀਂ ਕੀਤਾ ਕਿ ਕੀ ਉਹ ‘ਇਕ ਰਾਸ਼ਟਰ-ਇਕ ਚੋਣ’ ਦਾ ਸਮਰਥਨ ਕਰੇਗੀ ਜਾਂ ਨਹੀਂ। ਇਸ ਉੱਪਰ ਫੈਸਲਾ ਬਾਅਦ ’ਚ ਲਿਆ ਜਾਵੇਗਾ। ਬੀਜਦ ਨੇ ਵੀ ਅਜੇ ਤਕ ਯੂ. ਸੀ. ਸੀ. ਜਾਂ ‘ਇਕ ਰਾਸ਼ਟਰ-ਇਕ ਚੋਣ’ ’ਤੇ ਆਪਣਾ ਰੁਖ਼ ਸਪਸ਼ਟ ਨਹੀਂ ਕੀਤਾ।
ਪਿਛਲੀ ਲੋਕ ਸਭਾ ਦੇ ਕਾਰਜਕਾਲ ਦੌਰਾਨ ਵਾਈ. ਐੱਸ. ਆਰ. ਸੀ. ਪੀ. ਤੇ ਬੀਜਦ ਨੇ ਦੋਵਾਂ ਸਦਨਾਂ ਵਿਚ ਆਰਟੀਕਲ-370 ਨੂੰ ਰੱਦ ਕਰਨ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਰਗੇ ਕਾਨੂੰਨ ਪਾਸ ਕਰਨ ’ਚ ਭਾਜਪਾ ਦਾ ਸਮਰਥਨ ਕੀਤਾ ਸੀ। ਹਾਲਾਂਕਿ ਵਾਈ. ਐੱਸ. ਆਰ. ਸੀ. ਪੀ. ਨੇ ਆਪਣੇ ਰੁਖ਼ ’ਤੇ ਮੁੜ ਵਿਚਾਰ ਕੀਤਾ ਅਤੇ ਮਾਰਚ ਵਿਚ ਕਿਹਾ ਕਿ ਉਹ ਮੌਜੂਦਾ ਫਾਰਮੈਟ ’ਚ ਸੀ. ਏ. ਏ. ਦਾ ਸਮਰਥਨ ਨਹੀਂ ਕਰਦੀ।
ਇਸ ਤੋਂ ਪਹਿਲਾਂ ਪਾਰਟੀ ਨੇ ਆਂਧਰਾ ਪ੍ਰਦੇਸ਼ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦਾ ਵਿਰੋਧ ਕੀਤਾ ਸੀ। ਤਿੰਨ ਤਲਾਕ ’ਤੇ ਬੀਜਦ ਨੇ ਭਾਜਪਾ ਦਾ ਸਮਰਥਨ ਕੀਤਾ, ਜਦੋਂਕਿ ਵਾਈ. ਐੱਸ. ਆਰ. ਸੀ. ਪੀ. ਨੇ ਇਸ ਦਾ ਵਿਰੋਧ ਕੀਤਾ। ਹਾਲਾਂਕਿ ਵਾਈ. ਐੱਸ. ਆਰ. ਸੀ. ਪੀ. ਨੇ ਭਾਜਪਾ ਦੇ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕੀਤਾ, ਜਿਨ੍ਹਾਂ ਨੂੰ ਕਿਸਾਨਾਂ ਦੇ ਸਾਲ ਭਰ ਦੇ ਵਿਰੋਧ ਪਿੱਛੋਂ 2021 ’ਚ ਰੱਦ ਕਰ ਦਿੱਤਾ ਗਿਆ ਸੀ। ਬੀਜਦ ਨੇ ਵੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ।