ਸਰਕਾਰ ਦੇ ਪੈਸੇ ਨਾਲ ਮੁੰਨਾਰ ਤੇ ਕੋਚੀ ਘੁੰਮਣ ਗਈ ਸੀ ਯੂ-ਟਿਊਬਰ ਜੋਤੀ, ਜਾਸੂਸੀ ਮਾਮਲੇ ’ਚ ਪੇਸ਼ੀ 21 ਨੂੰ
Tuesday, Jul 08, 2025 - 04:16 AM (IST)

ਹਿਸਾਰ (ਸਵਾਮੀ) - ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਯੂ-ਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰੀ ਤੋਂ ਕੁਝ ਸਮਾਂ ਪਹਿਲਾਂ ਕੇਰਲ ਸਰਕਾਰ ਨੇ ਸੈਰ-ਸਪਾਟਾ ਪ੍ਰਮੋਸ਼ਨ ਲਈ ਸੱਦਾ ਦਿੱਤਾ ਸੀ। ਆਰ. ਟੀ. ਆਈ. ਤੋਂ ਮਿਲੇ ਜਵਾਬ ’ਚ ਖੁਲਾਸਾ ਹੋਇਆ ਹੈ ਕਿ ਕੇਰਲ ਦੀ ਯਾਤਰਾ ਦਾ ਸਾਰਾ ਖਰਚਾ ਉੱਥੋਂ ਦੀ ਸੂਬਾ ਸਰਕਾਰ ਨੇ ਚੁੱਕਿਆ ਸੀ। ਜੋਤੀ ਨੇ ਸੋਸ਼ਲ ਮੀਡੀਆ ਇਨਫਲੂਐਂਸਰਜ਼ ਦੇ ਨਾਲ ਕੇਰਲ ਸੈਰ-ਸਪਾਟਾ ਵਿਭਾਗ ਦੀ ਮੁਹਿੰਮ ਵਿਚ ਹਿੱਸਾ ਲਿਆ ਸੀ।
ਆਰ. ਟੀ. ਆਈ. ਤੋਂ ਪਤਾ ਲੱਗਿਆ ਸੀ ਕਿ ਨਿਊ ਅਗਰਸੇਨ ਐਕਸਟੈਂਸ਼ਨ ਕਲੋਨੀ ਦੀ ਜੋਤੀ ਮਲਹੋਤਰਾ ਨੂੰ ਕੇਰਲ ਸਰਕਾਰ ਨੇ 5 ਸ਼ਹਿਰਾਂ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦਿੱਤਾ ਸੀ। ਉਹ ਕੇਰਲ ਸਰਕਾਰ ਦੇ ਖਰਚੇ ’ਤੇ ਮੁੰਨਾਰ ਅਤੇ ਕੋਚੀ ਵੀ ਗਈ ਸੀ। ਜੇਲ ਵਿਚ ਬੰਦ ਯੂ-ਟਿਊਬਰ ਜੋਤੀ ਮਲਹੋਤਰਾ ਦੀ ਵੀ. ਸੀ. (ਵੀਡੀਓ ਕਾਨਫਰੰਸ) ਜ਼ਰੀਏ ਅਦਾਲਤ ’ਚ ਪੇਸ਼ ਹੋਈ। ਹੁਣ ਉਸ ਦੀ ਅਗਲੀ ਪੇਸ਼ੀ 21 ਜੁਲਾਈ ਨੂੰ ਹੋਵੇਗੀ।