ਯੂ-ਟਿਊਬਰ ਅਨੁਰਾਗ ਦੀਆਂ ਵਧੀਆਂ ਮੁਸੀਬਤਾਂ, ED ਵੱਲੋਂ ਦੁਬਈ ਸਥਿਤ ਜਾਇਦਾਦਾਂ ਦਾ ਵੱਡਾ ਖੁਲਾਸਾ
Sunday, Dec 21, 2025 - 08:07 AM (IST)
ਉਂਨਾਓ (ਇੰਟ.)- ਉਨਾਓ ਦਾ ਯੂ-ਟਿਊਬਰ ਅਨੁਰਾਗ ਦਿਵੇਦੀ ਜੋ ਸੋਸ਼ਲ ਮੀਡੀਆ ’ ਤੇ ਸ਼ਾਨਦਾਰ ਜੀਵਨ ਸ਼ੈਲੀ ਦਾ ਦਿਖਾਵਾ ਕਰਦਾ ਹੈ, ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਦੌਰਾਨ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਤੇ ਮਨੀ ਲਾਂਡਰਿੰਗ ਦੇ ਇਕ ਵੱਡੇ ਨੈੱਟਵਰਕ ਨਾਲ ਜੋੜਿਆ ਗਿਆ ਹੈ। ਈ. ਡੀ. ਨੇ ਉਸ ਦੀਆਂ ਦੁਬਈ ਸਥਿਤ ਜਾਇਦਾਦਾਂ ਦਾ ਵੀ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਮੁੱਦਿਆਂ ’ਤੇ ਬਣੀ ਸਹਿਮਤੀ
ਈ. ਡੀ. ਨੇ ਪੀ. ਐੱਮ. ਐੱਲ. ਏ.-2002 ਅਧੀਨ ਲਖਨਊ, ਉਨਾਓ ਤੇ ਦਿੱਲੀ ’ਚ 10 ਥਾਵਾਂ ’ਤੇ ਇੱਕੋ ਸਮੇਂ ਛਾਪੇ ਮਾਰੇ ਤੇ ਲਗਭਗ 3 ਕਰੋੜ ਰੁਪਏ ਦੀ ਚੱਲ ਜਾਇਦਾਦ ਜ਼ਬਤ ਕੀਤੀ। ਛਾਪੇਮਾਰੀ ਦੌਰਾਨ 20 ਲੱਖ ਰੁਪਏ ਨਕਦ, ਅਹਿਮ ਦਸਤਾਵੇਜ਼, ਡਿਜੀਟਲ ਸਬੂਤ ਤੇ 4 ਕਰੋੜ ਰੁਪਏ ਤੋਂ ਵੱਧ ਦੀਆਂ ਸੁਪਰ-ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ’ਚ ਇਕ ਲੈਂਬੋਰਗਿਨੀ ਉਰਸ, ਮਰਸੀਡੀਜ਼, ਫੋਰਡ ਐਂਡੇਵਰ ਤੇ ਥਾਰ ਸ਼ਾਮਲ ਹਨ। ਈ. ਡੀ. ਅਨੁਸਾਰ ਅਨੁਰਾਗ ਨੇ ਕਥਿਤ ਤੌਰ ’ਤੇ ਹਵਾਲਾ ਨੈੱਟਵਰਕ ਰਾਹੀਂ ਦੁਬਈ ’ਚ ਵੱਡੀ ਰਕਮ ਭੇਜੀ ਤੇ ਉੱਥੇ ਕਰੋੜਾਂ ਰੁਪਏ ਦੀ ਅਚੱਲ ਜਾਇਦਾਦ ’ਚ ਨਿਵੇਸ਼ ਕੀਤਾ।
ਇਹ ਵੀ ਪੜ੍ਹੋ- ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਸੰਮਨ ਦੇ ਬਾਵਜੂਦ ਪੁੱਛਗਿੱਛ ਲਈ ਪੇਸ਼ ਨਹੀਂ ਹੋਇਆ
ਜਾਂਚ ਏਜੰਸੀ ਦਾ ਦਾਅਵਾ ਹੈ ਕਿ ਅਨੁਰਾਗ ਦਿਵੇਦੀ ਇਸ ਸਮੇਂ ਦੁਬਈ ’ਚ ਰਹਿ ਰਿਹਾ ਹੈ । ਕਈ ਸੰਮਨਾਂ ਦੇ ਬਾਵਜੂਦ ਉਹ ਪੁੱਛਗਿੱਛ ਲਈ ਪੇਸ਼ ਨਹੀਂ ਹੋਇਆ। ਇਸ ਮਾਮਲੇ ’ਚ ਹੁਣ ਤੱਕ ਕੁੱਲ 23.7 ਕਰੋੜ ਰੁਪਏ ਦੀ ਚੱਲ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਸੋਸ਼ਲ ਮੀਡੀਆ, ਪ੍ਰਚਾਰ ਵੀਡੀਓ ਤੇ ਟੈਲੀਗ੍ਰਾਮ ਚੈਨਲਾਂ ਰਾਹੀਂ ਗੈਰ-ਕਾਨੂੰਨੀ ਸੱਟੇਬਾਜ਼ੀ ਤੋਂ ਕਮਾਏ ਪੈਸੇ ਨੂੰ ਜਾਇਜ਼ ਦਰਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਪੱਛਮੀ ਬੰਗਾਲ ’ਚ ਦਰਜ ਇਕ ਐੱਫ. ਆਈ. ਆਰ. ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਆਨਲਾਈਨ ਸੱਟੇਬਾਜ਼ੀ ਦੇ ਦੇਸ਼ ਪੱਧਰੀ ਨੈੱਟਵਰਕ ਦਾ ਖੁਲਾਸਾ ਹੋਇਆ ਸੀ। ਜਾਂਚ ਜਾਰੀ ਹੈ ਤੇ ਨੈੱਟਵਰਕ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
