ਲਾਪਰਵਾਹੀ ਨਾਲ ਗੱਡੀ ਚਲਾਉਣ ’ਤੇ ਟੋਕਿਆ ਤਾਂ ਨੌਜਵਾਨ ਨੇ 5 ਲੋਕਾਂ ਨੂੰ ਕੁਚਲਿਆ, 2 ਦੀ ਮੌਤ

Monday, Oct 11, 2021 - 01:19 PM (IST)

ਲਾਪਰਵਾਹੀ ਨਾਲ ਗੱਡੀ ਚਲਾਉਣ ’ਤੇ ਟੋਕਿਆ ਤਾਂ ਨੌਜਵਾਨ ਨੇ 5 ਲੋਕਾਂ ਨੂੰ ਕੁਚਲਿਆ, 2 ਦੀ ਮੌਤ

ਕਰਨਾਲ- ਹਰਿਆਣਾ ਦੇ ਕਰਨਾਲ ’ਚ ਐਤਵਾਰ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਬਾਰੇ ਵਾਰ-ਵਾਰ ਬੋਲੇ ਜਾਣ ਤੋਂ ਨਾਰਾਜ਼ 20 ਸਾਲਾ ਨੌਜਵਾਨ ਨੇ 5 ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕਰਨਾਲ ਦੇ ਨਿਲੋਖੜੀ ’ਚ ਸ਼ੁੱਕਰਵਾਰ ਨੂੰ ਇਕ ਵਿਆਹ ਸੀ ਅਤੇ ਜਦੋਂ ਇਹ ਘਟਨਾ ਹੋਈ ਤਾਂ ਕੁਝ ਮਹਿਮਾਨ ਇਕ ਘਰ ਦੇ ਬਾਹਰ ਖੜ੍ਹੇ ਸਨ। ਦੋਸ਼ੀ ਨੇ ਆਪਣੀ ਕਾਰ ਇਨ੍ਹਾਂ ਲੋਕਾਂ ’ਤੇ ਚੜ੍ਹਾ ਦਿੱਤੀ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ ਨਜ਼ਰਅੰਦਾਜ਼ ਕਰ ਰਿਹੈ ਕੇਂਦਰ, ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ ਵਿਰੋਧ ਪ੍ਰਦਰਸ਼ਨ: ਰਾਕੇਸ਼ ਟਿਕੈਤ

ਬੁਟਾਨਾ ਦੇ ਐੱਸ.ਐੱਚ.ਓ. ਕੰਵਰ ਸਿੰਘ ਨੇ ਫੋਨ ’ਤੇ ਦੱਸਿਆ ਕਿ ਇਹ ਨੌਜਵਾਨ ਹਮੇਸ਼ਾ ਲਾਪਰਵਾਹੀ ਨਾਲ ਗੱਡੀ ਚਲਾਉਂਦਾ ਸੀ ਅਤੇ ਇਲਾਕੇ ਦੇ ਵਾਸੀਆਂ ਨੇ ਕਈ ਵਾਰ ਉਸ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਲਈ ਕਿਹਾ ਸੀ। ਉਨ੍ਹਾਂ ਦੱਸਿਆ,‘‘ਉਹ ਇਸ ਗੱਲ ਤੋਂ ਗੁੱਸਾ ਹੋ ਗਿਆ। ਦੋਸ਼ੀ ਅਮਨ ਦੀ ਉਮਰ 20 ਸਾਲ ਦੇ ਕਰੀਬ ਹੈ। ਸ਼ਿਕਾਇਤ ਅਨੁਸਾਰ ਉਸ ਨੇ ਲੋਕਾਂ ’ਤੇ ਆਪਣੀ ਕਾਰ ਚੜ੍ਹਾ ਦਿੱਤੀ ਜੋ ਘਰ ਦੇ ਬਾਹਰ ਖੜ੍ਹੇ ਸਨ।’’ ਘਟਨਾ ’ਚ 40 ਸਾਲ ਦੀ ਉਮਰ ਦੇ ਕਰੀਬ ਇਕ ਜਨਾਨੀ ਅਤੇ 50 ਸਾਲ ਤੋਂ ਵੱਧ ਉਮਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ।’’ ਸਿੰਘ ਨੇ ਕਿਹਾ,‘‘ਦੋਸ਼ੀ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਫ਼ਰਾਰ ਹੈ ਅਤੇ ਅਸੀਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News