ਉੱਚੀ ਆਵਾਜ਼ ’ਚ ਸੰਗੀਤ ਵਜਾਉਣ ਨੂੰ ਲੈ ਕੇ ਝਗੜੇ ’ਚ ਨੌਜਵਾਨ ਦੀ ਹੱਤਿਆ
Tuesday, Oct 08, 2024 - 02:56 AM (IST)
ਸੁਲਤਾਨਪੁਰ - ਉੱਤਰ ਪ੍ਰਦੇਸ਼ ’ਚ ਸੁਲਤਾਨਪੁਰ ਦੇ ਲੰਭੂਆ ਥਾਣਾ ਖੇਤਰ ’ਚ ਉੱਚੀ ਆਵਾਜ਼ ’ਚ ਸੰਗੀਤ ਵਜਾਉਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਨੌਜਵਾਨ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਲੋਟੀਆ ਗ੍ਰਾਮ ਸਭਾ ਦੇ ਰਾਜਾਪੱਟੀ ਪਿੰਡ ਦੀ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ ਲਾੜੇ ਸਮੇਤ 13 ਲੋਕ ਹਿਰਾਸਤ ’ਚ ਲਏ ਗਏ ਹਨ।
ਪੁਲਸ ਅਧਿਕਾਰੀ ਅਨੁਸਾਰ ਲੰਭੂਆ ਕੋਤਵਾਲੀ ਅਧੀਨ ਪੈਂਦੇ ਗੌਤਮਪੁਰ ਸਰਈਆ ਨਿਵਾਸੀ ਉੱਤਮ ਯਾਦਵ (19) ਐਤਵਾਰ ਸ਼ਾਮ ਲੱਗਭਗ 7 ਵਜੇ ਘਰੋਂ ਨਿਕਲਿਆ ਸੀ। ਉਹ ਲੋਟੀਆ ਪਿੰਡ ਗਿਆ, ਜਿੱਥੇ ਮੋਨੀ ਸੋਨਕਰ ਦੀ ਬਾਰਾਤ ਜੈਸਿੰਘਪੁਰ ਦੇ ਦਿਯਰਾ ਬਾਜ਼ਾਰ ਤੋਂ ਆਈ ਹੋਈ ਸੀ। ਉਨ੍ਹਾਂ ਅਨੁਸਾਰ ਉੱਚੀ ਆਵਾਜ਼ ’ਚ ਸੰਗੀਤ ’ਤੇ ਡਾਂਸ ਨੂੰ ਲੈ ਕੇ ਰਾਤ ਲੱਗਭਗ 8 ਵਜੇ ਗੋਵਿੰਦ ਨਾਂ ਦੇ ਇਕ ਵਿਅਕਤੀ ਅਤੇ ਉੱਤਮ ਵਿਚਾਲੇ ਝਗੜਾ ਹੋਇਆ ਅਤੇ ਪਿੰਡ ਵਾਸੀਆਂ ਨੇ ਵਿਚ ਪੈ ਕੇ ਬਚਾਅ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਰਾਤ ਲੱਗਭਗ 11 ਵਜੇ ਜਦੋਂ ਉੱਤਮ ਆਪਣੇ ਇਕ ਦੋਸਤ ਨਾਲ ਬਾਈਕ ’ਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਤਾਂ ਉਦੋਂ ਗੋਵਿੰਦ ਬਾਈਕ ’ਤੇ ਪਿੱਛੇ ਬੈਠੇ ਉੱਤਮ ਨੂੰ ਹੇਠਾਂ ਸੁੱਟ ਕੇ ਚਾਕੂ ਨਾਲ ਉਸ ਦਾ ਗਲਾ ਵੱਢ ਕੇ ਫਰਾਰ ਹੋ ਗਿਆ।