ਪਾਕਿਸਤਾਨੀ ਔਰਤ ਤੋਂ 46.88 ਲੱਖ ਦੀ ਵਸੂਲੀ ਕਰੇਗੀ ਯੋਗੀ ਸਰਕਾਰ, ਜਾਣੋ ਵਜ੍ਹਾ
Wednesday, Jan 22, 2025 - 05:17 PM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਫਰਜ਼ੀ ਕਾਗਜ਼ਾਂ ਦੇ ਆਧਾਰ 'ਤੇ ਲੱਗਭਗ 9 ਸਾਲ ਅਧਿਆਪਕ ਦੀ ਨੌਕਰੀ ਕਰਨ ਵਾਲੀ ਸ਼ੁਮਾਯਲਾ ਤੋਂ ਹੁਣ ਵਸੂਲੀ ਹੋਵੇਗੀ। ਸ਼ੁਮਾਯਲਾ ਨੇ 2015 ਤੋਂ 2024 ਦਰਮਿਆਨ 46.88 ਲੱਖ ਤਨਖ਼ਾਹ ਲਈ ਸੀ। ਉਸ ਨੂੰ ਇਸ ਦਰਮਿਆਨ 2 ਵਾਰ ਬੋਨਸ ਵੀ ਮਿਲਿਆ। ਇਸ ਬੋਨਸ ਦੀ ਰਕਮ ਦੀ ਵਾਪਸ ਵਸੂਲੀ ਕੀਤੀ ਜਾਵੇਗੀ।
ਫਰਜ਼ੀ ਕਾਗਜ਼ਾਂ ਦੇ ਆਧਾਰ 'ਤੇ ਹਾਸਲ ਕੀਤੀ ਸੀ ਨੌਕਰੀ
ਸ਼ੁਮਾਯਲਾ ਖਿਲਾਫ਼ ਕਰਵਾਈ ਗਈ ਜਾਂਚ ਵਿਚ ਪਤਾ ਲੱਗਾ ਕਿ ਉਹ ਪਾਕਿਸਤਾਨੀ ਹੈ ਅਤੇ ਉਸ ਨੇ ਫਰਜ਼ੀ ਕਾਗਜ਼ਾਂ ਦੇ ਆਧਾਰ 'ਤੇ 2015 ਵਿਚ ਨੌਕਰੀ ਪ੍ਰਾਪਤ ਕੀਤੀ ਸੀ। ਉਸ ਨੂੰ ਹਾਲ ਹੀ 'ਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਰਾਮਪੁਰ ਦੀ ਰਹਿਣ ਵਾਲੀ ਸ਼ੁਮਾਯਲਾ ਨੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦਫਤਰ ਤੋਂ ਗਲਤ ਤੱਥਾਂ ਦੇ ਆਧਾਰ 'ਤੇ ਨਿਵਾਸ ਸਰਟੀਫ਼ਿਕੇਟ ਵੀ ਬਣਵਾਇਆ ਸੀ। ਜਦੋਂ ਇਸ ਦਸਤਾਵੇਜ਼ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਵੇਖਿਆ ਗਿਆ ਕਿ ਇਹ ਪੂਰੀ ਤਰ੍ਹਾਂ ਫ਼ਰਜ਼ੀ ਸੀ।
ਸ਼ੁਮਾਯਲਾ ਦੀ ਨਿਯੁਕਤੀ 2015 ਵਿਚ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਬਰੇਲੀ ਵਲੋਂ ਕੀਤੀ ਗਈ ਸੀ। ਸ਼ੁਮਾਯਲਾ ਨੇ ਆਪਣੀ ਨਿਯੁਕਤੀ ਜ਼ਰੂਰੀ ਦਸਤਾਵੇਜ਼ ਜਮ੍ਹਾ ਕੀਤੇ, ਜਿਨ੍ਹਾਂ ਵਿਚ ਨਿਵਾਸ ਸਰਟੀਫ਼ਿਕੇਟ ਸਭ ਤੋਂ ਮਹੱਤਵਪੂਰਨ ਸੀ। ਜਾਂਚ ਦੌਰਾਨ ਤਹਿਸੀਲਦਾਰ ਸਦਰ, ਰਾਮਪੁਰ ਦੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਕਿ ਸ਼ੁਮਾਯਲਾ ਨੇ ਫਰਜ਼ੀ ਜਾਣਕਾਰੀ ਦੇ ਕੇ ਇਹ ਸਰਟੀਫ਼ਿਕੇਟ ਬਣਵਾਇਆ ਸੀ।
ਭਾਰਤੀ ਹੋਣ ਕੀਤਾ ਫਰਜ਼ੀ ਦਾਅਵਾ
ਸ਼ੁਮਾਯਲਾ ਖਾਨ ਨੇ ਆਪਣੀ ਪਾਕਿਸਤਾਨੀ ਨਾਗਰਿਕਤਾ ਨੂੰ ਲੁੱਕਾ ਕੇ ਅਤੇ ਭਾਰਤੀ ਵਸਨੀਕ ਹੋਣ ਦਾ ਫਰਜ਼ੀ ਦਾਅਵਾ ਕਰ ਕੇ ਇਹ ਨੌਕਰੀ ਹਾਸਲ ਕੀਤੀ ਸੀ। ਸਿੱਖਿਆ ਵਿਭਾਗ ਨੇ 3 ਅਕਤੂਬਰ 2024 ਨੂੰ ਸ਼ੁਮਾਯਲਾ ਖਾਨ ਨੂੰ ਸਹਾਇਕ ਅਧਿਆਪਕ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ। ਸਿੱਖਿਆ ਦੇ ਖੇਤਰ ਵਿਚ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਨੌਕਰੀ ਹਾਸਲ ਕਰਨ ਦਾ ਇਹ ਮਾਮਲਾ ਕਾਫੀ ਗੰਭੀਰ ਹੈ। ਸ਼ੁਮਾਯਲਾ 'ਤੇ ਦੋਸ਼ ਹੈ ਕਿ ਉਸ ਨੇ ਭਾਰਤੀ ਨਾਗਰਿਕ ਹੋਣ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਹਾਸਲ ਕਰ ਲਈ। ਇਹ ਘਟਨਾ ਨਾ ਸਿਰਫ਼ ਪ੍ਰਸ਼ਾਸਨਿਕ ਪ੍ਰਕਿਰਿਆ ਵਿਚਲੀਆਂ ਖਾਮੀਆਂ ਨੂੰ ਉਜਾਗਰ ਕਰਦੀ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਜਾਅਲੀ ਦਸਤਾਵੇਜ਼ਾਂ ਦਾ ਸਹਾਰਾ ਲੈ ਕੇ ਸਰਕਾਰੀ ਸਿਸਟਮ ਨਾਲ ਧੋਖਾ ਕੀਤਾ ਜਾ ਸਕਦਾ ਹੈ।