ਯੋਗੀ ਨੂੰ ਉਪ ਚੋਣਾਂ ਲਈ ਉਮੀਦਵਾਰ ਤੈਅ ਕਰਨ ਦਾ ਮਿਲਿਆ ਅਧਿਕਾਰ

Thursday, Jul 18, 2024 - 09:09 PM (IST)

ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਲੀਡਰਸ਼ਿਪ ਅਗਲੇ 5 ਮਹੀਨਿਆਂ ’ਚ 4 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਰਣਨੀਤੀ ਬਣਾਉਣ ਸਬੰਧੀ ਬੇਹੱਦ ਚੌਕਸ ਹੋ ਗਈ ਹੈ।

ਭਾਜਪਾ ਦੇ ਯੂ. ਪੀ. ਇਕਾਈ ਦੇ ਪ੍ਰਧਾਨ ਭੂਪੇਂਦਰ ਚੌਧਰੀ ਦੇ ਅਸਤੀਫੇ ਨਾਲ ਸੂਬੇ ’ਚ ਇਕ ਵਿਕਟ ਡਿੱਗੀ ਹੈ। ਜੇ ਭਾਜਪਾ 10 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ’ਚ ਖਰਾਬ ਪ੍ਰਦਰਸ਼ਨ ਕਰਦੀ ਹੈ ਤਾਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

ਸੂਤਰਾਂ ਅਨੁਸਾਰ ਹੁਣ ਉਨ੍ਹਾਂ ਨੂੰ ਇਨ੍ਹਾਂ ਉਪ ਚੋਣਾਂ ਲਈ ਉਮੀਦਵਾਰ ਚੁਣਨ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ ਪਰ ਭਾਜਪਾ ਹਾਈ ਕਮਾਂਡ ਦੇ ਸਾਹਮਣੇ ਇਕ ਹੋਰ ਸਮੱਸਿਆ ਇਹ ਹੈ ਕਿ ਪਾਰਟੀ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ 3 ਸੂਬਿਆਂ ਦੀਆਂ 20 ਸੀਟਾਂ (ਯੂ.ਪੀ.-10, ਬਿਹਾਰ-4 ਤੇ ਪੱਛਮੀ ਬੰਗਾਲ- 6) ’ਤੇ ਉਪ ਚੋਣਾਂ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ ਜਾਂ ਵੱਖ?

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਰੇ ਚੋਣ ਲੂਬਿਆਂ ਦਾ ਦੌਰਾ ਕਰ ਰਹੇ ਹਨ । ਕਿਸੇ ਵੀ ਹਾਰ ਤੋਂ ਬਚਣ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਅਹਿਮ ਸਾਬਤ ਹੋਣਗੇ ਕਿਉਂਕਿ ਇਸ ਦਾ ਅਸਰ 2025 ’ਚ ਦਿੱਲੀ, ਬਿਹਾਰ ਤੇ ਹੋਰ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ।

ਪਹਿਲੀ ਚੁਣੌਤੀ 2019 ’ਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਹੋਵੇਗੀ। ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਹਦਾਇਤ ਕੀਤੀ ਸੀ ਕਿ ਵਿਧਾਨ ਸਭਾ ਚੋਣਾਂ 30 ਸਤੰਬਰ 2024 ਤੋਂ ਪਹਿਲਾਂ ਕਰਵਾਈਆਂ ਜਾਣ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਚੋਣਾਂ ਕਰਵਾਉਣ ਲਈ ਤਿਆਰ ਹੈ।

ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਜੇ ਤੱਕ ਅੰਤਿਮ ਮਨਜ਼ੂਰੀ ਨਹੀਂ ਦਿੱਤੀ। ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਦੀਆਂ ਮੌਜੂਦਾ ਵਿਧਾਨ ਸਭਾਵਾਂ ਦਾ ਕਾਰਜਕਾਲ ਕ੍ਰਮਵਾਰ 3 ਨਵੰਬਰ, 26 ਨਵੰਬਰ ਤੇ 5 ਜਨਵਰੀ, 2025 ਨੂੰ ਖਤਮ ਹੋ ਰਿਹਾ ਹੈ। ਚੋਣ ਕਮਿਸ਼ਨ ਕੋਲ 3 ਸੂਬਿਆਂ ’ਚ ਇੱਕੋ ਸਮੇਂ ਚੋਣਾਂ ਕਰਵਾਉਣ ਦਾ ਅਧਿਕਾਰ ਹੈ।


Rakesh

Content Editor

Related News