ਯੋਗੀ ਨੇ ਓਮ ਪ੍ਰਕਾਸ਼ ਰਾਜਭਰ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਕੀਤੀ ਸਿਫਾਰਿਸ਼

05/20/2019 11:23:57 AM

ਲਖਨਊ— ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਤੇ ਐਗਜਿਟ ਪੋਲ ਤੋਂ ਬਾਅਦ ਦੇਸ਼ ਦੀ ਰਾਜਨੀਤੀ 'ਚ ਹੱਲਚੱਲ ਸ਼ੁਰੂ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਰਾਜਪਾਲ ਰਾਮ ਨਾਈਕ ਤੋਂ ਉਨ੍ਹਾਂ ਦੇ ਮੰਤਰੀ ਮੰਡਲ 'ਚ ਸ਼ਾਮਲ ਓਮ ਪ੍ਰਕਾਸ਼ ਰਾਜਭਰ ਨੂੰ ਬਰਖ਼ਾਸਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਫੈਸਲੇ ਦਾ ਖੁਦ ਓਮ ਪ੍ਰਕਾਸ਼ ਨੇ ਸਵਾਗਤ ਕੀਤਾ ਹੈ। ਓਮ ਪ੍ਰਕਾਸ਼ ਯੋਗੀ ਸਰਕਾਰ 'ਚ ਪਿਛੜਾ ਵਰਗ ਕਲਿਆਣ-ਦਿਵਿਆਂਗ ਜਨ ਕਲਿਆਣ ਮੰਤਰੀ ਸਨ। ਯੋਗੀ ਨੇ ਰਾਜਪਾਲ ਨੂੰ ਸਿਫ਼ਾਰਿਸ਼ ਕਰ ਕੇ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਬੀਤੇ ਕਾਫੀ ਲੰਬੇ ਸਮੇਂ ਤੋਂ ਉਹ ਭਾਰਤੀ ਜਨਤਾ ਪਾਰਟੀ ਅਤੇ ਖੁਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵਿਰੁੱਧ ਬੋਲਦੇ ਰਹੇ ਹਨ, ਜਿਸ ਦੀ ਆਲੋਚਨਾ ਹੁੰਦੀ ਰਹੀ ਹੈ। ਕਈ ਵਾਰ ਓਮ ਪ੍ਰਕਾਸ਼ ਨੇ ਅਜਿਹੇ ਬਿਆਨ ਵੀ ਦਿੱਤੇ ਹਨ, ਜੋ ਭਾਜਪਾ ਲਈ ਮੁਸੀਬਤ ਬਣੇ ਹਨ ਤਾਂ ਉੱਥੇ ਹੀ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਹੱਕ 'ਚ ਗਏ ਹਨ। ਅਜਿਹੇ 'ਚ ਹੁਣ ਜਦੋਂ ਐਗਜਿਟ ਪੋਲ ਦੇ ਨਤੀਜੇ ਸਾਹਮਣੇ ਹਨ ਅਤੇ ਚੋਣਾਵੀ ਪ੍ਰਕਿਰਿਆ ਲਗਭਗ ਖਤਮ ਹੀ ਹੋ ਗਈ ਹੈ ਤਾਂ ਯੂ.ਪੀ. ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਉਨ੍ਹਾਂ ਵਿਰੁੱਧ ਐਕਸ਼ਨ ਦੀ ਗੱਲ ਕੀਤੀ ਹੈ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਓਮ ਪ੍ਰਕਾਸ਼ ਨੇ ਪਿਛੜਾ ਵਰਗ ਮੰਤਰਾਲੇ ਦਾ ਚਾਰਜ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਉਦੋਂ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਪਰ ਹੁਣ ਚੋਣ ਖਤਮ ਹੁੰਦੇ ਹੀ ਐਕਸ਼ਨ ਲਿਆ ਗਿਆ ਹੈ। ਓਮ ਪ੍ਰਕਾਸ਼ ਰਾਜ ਸਰਕਾਰ ਵਲੋਂ ਪਿਛੜੇ ਵਰਗ ਦੇ ਵਿਦਿਆਰਥੀ/ਵਿਦਿਆਰਥਣਾਂ ਦੀ ਸਕਾਲਰਸ਼ਿਪ, ਫੀਸ ਅਦਾਇਗੀ ਨਾ ਕੀਤੇ ਜਾਣ 'ਤੇ ਅਤੇ ਪਿਛੜੀ ਜਾਤੀਆਂ ਨੂੰ 27 ਫੀਸਦੀ ਰਾਖਵੇਂਕਰਨ ਦੀ ਵੰਡ ਸਮਾਜਿਕ ਨਿਆਂ ਕਮੇਟੀ ਦੀ ਰਿਪੋਰਟ ਅਨੁਸਾਰ ਨਾ ਕਰਨ 'ਤੇ ਰੋਸ ਜ਼ਾਹਰ ਕੀਤਾ ਸੀ। ਇਸ ਦੇ ਬਾਅਦ ਹੀ ਉਨ੍ਹਾਂ ਨੇ ਮੰਤਰਾਲੇ ਛੱਡਣ ਦੀ ਸਿਫਾਰਿਸ਼ ਕਰ ਦਿੱਤੀ ਸੀ। ਰਾਜਭਰ ਦੀ ਪਾਰਟੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਆਈ ਸੀ। ਹਾਲਾਂਕਿ ਜਦੋਂ ਤੋਂ ਸਰਕਾਰ ਬਣੀ ਹੈ, ਉਦੋਂ ਤੋਂ ਓਮ ਪ੍ਰਕਾਸ਼ ਰਾਜਭਰ ਸਰਕਾਰ ਵਿਰੁੱਧ ਬਿਆਨ ਦਿੰਦੇ ਰਹੇ ਹਨ।


DIsha

Content Editor

Related News