ਕਰਨਾਟਕ ਦੀ ਤਰਜ਼ ''ਤੇ ਹੁਣ ਉੱਤਰ ਪ੍ਰਦੇਸ਼ ''ਚ ਵੀ ਤਾਲਾਬੰਦੀ ਦਾ ਨਵਾਂ ਫਾਰਮੂਲਾ
Sunday, Jul 12, 2020 - 01:39 PM (IST)
ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਹੁਣ ਕਰਨਾਟਕ ਸਰਕਾਰ ਦੀ ਤਰਜ਼ 'ਤੇ ਕੋਰੋਨਾ ਨਾਲ ਨਜਿੱਠਣ ਲਈ ਹਫਤੇ ਦੇ ਅਖੀਰ ਦਿਨ ਸ਼ਨੀਵਾਰ ਅਤੇ ਐਤਾਵਰ ਨੂੰ ਤਾਲਾਬੰਦੀ ਦਾ ਫਾਰਮੂਲਾ ਲਾਗੂ ਕਰਨ ਜਾ ਰਹੀ ਹੈ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਉੱਤਰ ਪ੍ਰਦੇਸ਼ ਵਿਚ ਹੁਣ ਤਾਲਾਬੰਦੀ ਲਾਗੂ ਰਹੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰਹੇਗੀ। ਸਾਰੇ ਬਜ਼ਾਰ ਅਤੇ ਦਫ਼ਤਰ ਬੰਦ ਰਹਿਣਗੇ। ਯਾਨੀ ਕਿ ਪ੍ਰਦੇਸ਼ ਵਿਚ ਸਾਰੇ ਬਜ਼ਾਰ ਅਤੇ ਦਫ਼ਤਰ ਹਫਤੇ 'ਚ ਸਿਰਫ ਪੰਜ ਦਿਨ ਹੀ ਖੁੱਲ੍ਹਣਗੇ। ਕੋਰੋਨਾ ਆਫ਼ਤ ਨਾਲ ਨਜਿੱਠਣ ਲਈ ਇਹ ਨਵੀਂ ਯੋਜਨਾ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਹੀ ਕੁਝ ਦੇਰ ਵਿਚ ਇਸ ਦੀ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਹਫਤੇ ਦੇ ਅਖੀਰ ਵਿਚ ਤਾਲਾਬੰਦੀ ਲਾਉਣ ਦਾ ਇਹ ਫੈਸਲਾ ਮੁੱਖ ਮੰਤਰੀ ਯੋਗੀ ਦੀ ਪ੍ਰਧਾਨਗੀ ਵਿਚ ਹੋਈ ਟੀਮ-11 ਦੀ ਬੈਠਕ ਵਿਚ ਲਿਆ ਗਿਆ ਸੀ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਟਰਾਂਸਮਿਸ਼ਨ ਚੇਨ ਨੂੰ ਤੋੜਨ ਲਈ ਇਹ ਫੈਸਲਾ ਲਿਆ ਗਿਆ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਤੋਂ ਪਹਿਲਾਂ ਕਰਨਾਟਕ ਸਰਕਾਰ ਵੀ ਤਾਲਾਬੰਦੀ ਦਾ ਇਹ ਨਵਾਂ ਫਾਰਮੂਲਾ ਅਪਣਾ ਰਹੀ ਹੈ। ਕਰਨਾਟਕ ਸਰਕਾਰ ਵੀ ਪਹਿਲਾਂ ਹੀ ਹਫਤੇ ਦੇ ਅਖੀਰਲੇ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਦਾ ਐਲਾਨ ਕਰ ਚੁੱਕੀ ਹੈ। ਕਰਨਾਟਕ ਵਿਚ 2 ਅਗਸਤ ਤੱਕ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਬਜ਼ਾਰ ਅਤੇ ਦਫਤਰ ਬੰਦ ਰਹਿਣਗੇ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ 'ਚ ਐਤਵਾਰ ਤੱਕ ਕੋਰੋਨਾ ਦੇ 35,092 ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ 'ਚੋਂ 11,490 ਸਰਗਰਮ ਕੇਸ ਅਤੇ 22,689 ਲੋਕ ਠੀਕ ਵੀ ਹੋ ਗਏ ਹਨ। ਸੂਬੇ ਵਿਚ ਕੁੱਲ 913 ਮੌਤਾਂ ਹੋ ਚੁੱਕੀਆਂ ਹਨ, ਜਿਸ ਨਾਲ ਇਹ ਦੇਸ਼ 'ਚ ਸਭ ਤੋਂ ਵੱਧ ਕੋਰੋਨਾ ਕੇਸਾਂ ਦਾ 6ਵਾਂ ਸੂਬਾ ਬਣ ਗਿਆ ਹੈ।