ਕਰਨਾਟਕ ਦੇ ਸਾਬਕਾ CM ਯੇਦੀਯੁਰੱਪਾ ਪੋਕਸੋ ਮਾਮਲੇ ''ਚ ਪੁੱਛਗਿੱਛ ਲਈ CID ਸਾਹਮਣੇ ਹੋਏ ਪੇਸ਼
Monday, Jun 17, 2024 - 01:02 PM (IST)
ਬੈਂਗਲੁਰੂ- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਕਾਨੂੰਨ ਤਹਿਤ ਦਰਜ ਇਕ ਮਾਮਲੇ ਦੇ ਸਬੰਧ 'ਚ ਪੁੱਛਗਿੱਛ ਲਈ ਸੋਮਵਾਰ ਯਾਨੀ ਕਿ ਅੱਜ ਸੀ. ਆਈ. ਡੀ. ਦੇ ਸਾਹਮਣੇ ਪੇਸ਼ ਹੋਏ। ਕਰਨਾਟਕ ਹਾਈ ਕੋਰਟ ਨੇ 14 ਮਾਰਚ ਨੂੰ ਦਰਜ ਮਾਮਲੇ ਦੇ ਸਬੰਧ ਵਿਚ ਭਾਜਪਾ ਦੇ ਸੀਨੀਅਰ ਨੇਤਾ ਦੀ ਗ੍ਰਿਫ਼ਤਾਰੀ 'ਤੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ ਸੀ। ਪੁਲਸ ਮੁਤਾਬਕ 17 ਸਾਲਾ ਇਕ ਕੁੜੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਯੇਦੀਯੁਰੱਪਾ ਖਿਲਾਫ਼ ਪੋਕਸੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ-354 ਏ (ਯੌਨ ਸ਼ੋਸ਼ਣ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
CID ਨੇ ਯੇਦੀਯੁਰੱਪਾ ਨੂੰ ਭੇਜਿਆ ਸੀ ਨੋਟਿਸ
ਦਰਅਸਲ ਸਾਬਕਾ ਮੁੱਖ ਮੰਤਰੀ ਖਿਲਾਫ਼ ਯੌਨ ਸ਼ੋਸ਼ਣ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਐਕਟ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ 'ਤੇ 17 ਸਾਲ ਦੀ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਇਸੇ ਮਾਮਲੇ ਵਿਚ ਬੀਤੇ ਦਿਨੀਂ CID ਨੇ ਯੇਦੀਯੁਰੱਪਾ ਨੂੰ ਨੋਟਿਸ ਜਾਰੀ ਕਰ ਕੇ ਪੁੱਛ-ਗਿੱਛ ਲਈ ਪੇਸ਼ ਹੋਣ ਲਈ ਸੰਮਨ ਭੇਜਿਆ ਸੀ।
ਕੀ ਹੈ ਪੂਰਾ ਮਾਮਲਾ-
ਦੱਸਣਯੋਗ ਹੈ ਕਿ ਕੁੜੀ ਦੀ ਮਾਂ ਨੇ ਸਦਾਸ਼ਿਵਨਗਰ ਪੁਲਸ ਥਾਣੇ ਵਿਚ ਯੇਦੀਯੁਰੱਪਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਯੇਦੀਯੁਰੱਪਾ 'ਤੇ ਪੋਕਸੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ 354ਏ (ਯੌਨ ਸ਼ੋਸ਼ਣ) ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਇਸ ਮਾਮਲੇ ਨੂੰ CID ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਸੀ। ਨਾਬਾਲਗ ਦੀ ਮਾਂ ਨੇ ਦੋਸ਼ ਲਾਇਆ ਸੀ ਘਟਨਾ ਇਸ ਸਾਲ 2 ਫਰਵਰੀ ਨੂੰ ਹੋਈ ਸੀ, ਜਦੋਂ ਉਹ ਧੋਖਾਧੜੀ ਦੇ ਇਕ ਮਾਮਲੇ 'ਚ ਯੇਦੀਯੁਰੱਪਾ ਤੋਂ ਮਦਦ ਮੰਗਣ ਗਈ ਸੀ। ਹਾਲਾਂਕਿ ਔਰਤ ਦੇ ਇਨ੍ਹਾਂ ਦੋਸ਼ਾਂ ਨੂੰ ਯੇਦੀਯੁਰੱਪਾ ਨੇ ਖਾਰਜ ਕਰਦਿਆਂ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਅਜਿਹੇ ਲੋਕਾਂ ਨੂੰ ਸਬਕ ਸਿਖਾਏਗੀ, ਜੋ ਉਨ੍ਹਾਂ ਖਿਲਾਫ਼ ਸਾਜ਼ਿਸ਼ ਰਚਣ ਵਿਚ ਸ਼ਾਮਲ ਹਨ। ਸ਼ਿਕਾਇਤ ਵਿਚ ਔਰਤ ਨੇ ਦੋਸ਼ ਲਾਇਆ ਕਿ ਇਸ ਸਾਲ ਦੋ ਫਰਵਰੀ ਨੂੰ ਯੇਦੀਯੁਰੱਪਾ ਨੇ ਇੱਥੇ ਡਾਲਰ ਕਾਲੋਨੀ ਵਿਚ ਆਪਣੀ ਰਿਹਾਇਸ਼ 'ਤੇ ਮੁਲਾਕਾਤ ਦੌਰਾਨ ਉਸ ਦੀ ਧੀ ਨਾਲ ਛੇੜਛਾੜ ਕੀਤੀ ਸੀ।