ਯਮੁਨਾ ਐਕਸਪ੍ਰੈੱਸ 'ਤੇ ਬੱਸ ਹਾਦਸਾ, 8 ਲੋਕਾਂ ਦੀ ਮੌਤ, 30 ਜ਼ਖਮੀ
Friday, Mar 29, 2019 - 09:47 AM (IST)

ਗ੍ਰੇਟਰ ਨੋਇਡਾ— ਯਮੁਨਾ ਐਕਸਪ੍ਰੈੱਸ 'ਤੇ ਸ਼ੁੱਕਰਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ 'ਚ ਜ਼ਖਮੀਆਂ ਹੋਏ ਯਾਤਰੀਆਂ ਨੂੰ ਜੇਵਰ ਦੇ ਕੈਲਾਸ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕਰੀਬ 5 ਵਜੇ ਹੋਇਆ ਹਾਦਸਾ
ਤੇਜ਼ ਰਫ਼ਤਾਰ ਬੱਸ ਨੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ। ਲਖਨਊ 'ਚ ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਗੌਤਮ ਬੁੱਧ ਨਗਰ ਪੁਲਸ ਅਤੇ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੀੜਤਾਂ ਨੂੰ ਜਲਦ ਮਦਦ ਮੁਹੱਈਆ ਕਰਵਾਉਣ। ਪੁਲਸ ਨੇ ਇਕ ਬਿਆਨ 'ਚ ਦੱਸਿਆ,''ਬੱਸ ਆਗਰਾ ਤੋਂ ਨੋਇਡਾ ਜਾ ਰਹੀ ਸੀ। ਹਾਦਸਾ ਤੜਕੇ ਕਰੀਬ 5 ਵਜੇ ਰਬੂਪੁਰਾ ਥਾਣਾ ਖੇਤਰ 'ਚ ਹੋਇਆ।''
ਮ੍ਰਿਤਕਾਂ ਦੀ ਕੀਤੀ ਜਾ ਰਹੀ ਹੈ ਪਛਾਣ
ਗੌਤਮ ਬੁੱਧ ਨਗਰ ਦੇ ਸੀਨੀਅਰ ਪੁਲਸ ਕਮਿਸ਼ਨਰ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਥਾਣਾ ਰਬੂਪੁਰਾ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਯਮੁਨਾ ਐਕਸਪ੍ਰੈੱਸ 'ਤੇ ਬਹੁਤ ਦੇਰ ਤੱਕ ਆਵਾਜਾਈ ਰੁਕੀ ਰਹੀ।