ਗੁਰਦੇ ਦੇ ਇਲਾਜ ਲਈ ਦੁਨੀਆ 'ਚ ਪਹਿਲੀ ਵਾਰ 3 ਮਹੀਨੇ ਦੇ ਬੱਚੇ ਦੀ ਕੀਤੀ ਗਈ ਸਰਜਰੀ
Monday, May 22, 2023 - 01:17 PM (IST)
 
            
            ਨਵੀਂ ਦਿੱਲੀ (ਭਾਸ਼ਾ)- ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੇ ਡਾਕਟਰਾਂ ਨੇ ਤਿੰਨ ਮਹੀਨੇ ਦੇ ਬੱਚੇ ਦੇ ਦੋਵੇਂ ਗੁਰਦਿਆਂ 'ਚ ਰੁਕਾਵਟ ਨੂੰ ਦੂਰ ਕਰਨ ਲਈ ਲੇਪ੍ਰੋਸਕੋਪਿਕ ਸਰਜਰੀ ਕੀਤੀ ਹੈ। ਹਸਪਤਾਲ ਨੇ ਦਾਅਵਾ ਕੀਤਾ ਹੈ ਕਿ ਸਰਜਰੀ ਕਰਵਾਉਣ ਵਾਲਾ ਇਹ ਬੱਚਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਮਰੀਜ਼ ਬਣ ਗਿਆ ਹੈ। ਬਾਲ ਰੋਗ ਵਿਭਾਗ ਦੇ ਡਾਕਟਰਾਂ ਨੇ ਬਾਇਲੇਟਰਲ ਲੇਪ੍ਰੋਸਕੋਪਿਕ ਪਾਈਲੋਪਲਾਸਟੀ ਪ੍ਰਕਿਰਿਆ ਨਾਲ ਸਰਜਰੀ ਕੀਤੀ, ਜੋ ਯੂਰੇਟਰੋਪਲਵਿਕ ਜੋੜ ਸੰਬੰਧੀ ਰੁਕਾਵਟ ਦਾ ਇਲਾਜ ਕਰਨ ਲਈ ਘੱਟੋ-ਘੱਟ ਚੀਰ-ਫਾੜ ਵਾਲੀ ਸਰਜੀਕਲ ਤਕਨੀਕ ਹੈ। ਇਸ ਤਰ੍ਹਾਂ ਦੀ ਸਮੱਸਿਆ 'ਚ ਬਲੈਡਰ ਤੱਕ ਪਿਸ਼ਾਬ ਦੇ ਪ੍ਰਵਾਹ 'ਚ ਰੁਕਾਵਟ ਹੁੰਦੀ ਹੈ। ਇਸ ਸਥਿਤੀ 'ਚ ਜਨਮ ਦੇ ਸਮੇਂ ਤੋਂ ਹੀ ਬੱਚੇ ਨੂੰ ਪਿਸ਼ਾਬ 'ਚ ਪਰੇਸ਼ਾਨੀ ਹੋ ਰਹੀ ਸੀ। ਬਾਲ ਰੋਗ ਵਿਭਾਗ 'ਚ ਐਡੀਸ਼ਨਲ ਪ੍ਰੋਫੈਸਰ ਡਾ. ਵਿਸ਼ੇਸ਼ ਜੈਨ ਨੇ ਕਿਹਾ ਕਿ ਇਹ ਆਪਰੇਸ਼ਨ ਦਸੰਬਰ 'ਚ ਕੀਤਾ ਗਿਆ ਸੀ ਅਤੇ ਸਰਜਰੀ ਦੇ ਤਿੰਨ ਦਿਨ ਬਾਅ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਜਰੀ ਦੇ ਤਿੰਨ ਮਹੀਨੇ ਬਾਅਦ ਡਾਕਟਰਾਂ ਨੇ ਸਰਜਰੀ ਦੀ ਸਫ਼ਲਤਾ ਦਾ ਪਤਾ ਲਗਾਉਣ ਲਈ ਰੇਨੋਗ੍ਰਾਮ ਨਾਮੀ ਜਾਂਚ ਕੀਤੀ। ਇਸ ਜਾਂਚ ਤੋਂ ਇਹ ਵੀ ਪਤਾ ਲਗਾਇਆ ਗਿਆ ਕਿ ਕੀ ਗੁਰਦੇ ਤੋਂ ਪ੍ਰਵਾਹ 'ਚ ਕੋਈ ਰੁਕਾਵਟ ਤਾਂ ਨਹੀਂ ਹੈ।
ਇਹ ਵੀ ਪੜ੍ਹੋ : 'ਆਪ' ਨੇਤਾ ਸਤੇਂਦਰ ਜੈਨ ਦੀ ਵਿਗੜੀ ਸਿਹਤ, ਸਫ਼ਦਰਜੰਗ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
ਏਮਜ਼ ਨੇ ਇਕ ਬਿਆਨ 'ਚ ਕਿਹਾ,''ਸਫ਼ਲ ਸਰਜਰੀ ਨਾ ਸਿਰਫ਼ ਆਧੁਨਿਕ ਬਾਲ ਡਾਕਟਰੀ ਦੇਖਭਾਲ ਲਈ ਏਮਜ਼ ਦੀ ਵਚਨਬੱਧਤਾ ਨੂੰ, ਸਗੋਂ ਏਨੇਸਥੀਸੀਆ ਸੰਬੰਧੀ ਮਾਮਲਿਆਂ 'ਚ ਸੰਸਥਾ ਦੀ ਵਿਸ਼ੇਸ਼ਤਾ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ, ਜਿਸ ਦੇ ਨਤੀਜੇ ਵਜੋਂ ਬੱਚੇ ਨੂੰ ਸਿਰਫ਼ 3 ਦਿਨਾਂ ਅੰਦਰ ਛੁੱਟੀ ਮਿਲ ਜਾਂਦੀ ਹੈ।'' ਤਿੰਨ ਮਹੀਨੇ ਦੇ ਬੱਚੇ ਦੇ ਇਲਾਜ ਬਾਰੇ ਹਸਪਤਾਲ ਨੇ ਕਿਹਾ ਕਿ ਲੇਪ੍ਰੋਸਕੋਪੀ ਵਿਧੀ ਦਾ ਇਸਤੇਮਾਲ ਕਰ ਕੇ ਦੋਵੇਂ ਗੁਰਦੇ ਸੰਚਾਲਿਤ ਕਰਨ ਦਾ ਫ਼ੈਸਲਾ ਘੱਟੋ-ਘੱਟ ਚੀਰ-ਫਾੜ ਅਤੇ ਵੱਧ ਤੋਂ ਵੱਧ ਲਾਭ ਲਈ ਲਿਆ ਗਿਆ ਸੀ। ਸਰਜਰੀ ਤੋਂ ਪਹਿਲਾਂ ਉਪਯੁਕਤ ਨਤੀਜੇ ਯਕੀਨੀ ਬਣਾਉਣ ਲਈ ਵਿਆਪਕ ਯੋਜਨਾਵਾਂ ਬਣਾਈਆਂ ਗਈਆਂ ਸਨ। ਬਿਆਨ 'ਚ ਕਿਹਾ ਗਿਆ ਕਿ 2 ਘੰਟਿਆਂ ਦੇ ਆਪਰੇਸ਼ਨ ਦੌਰਾਨ, ਸਰਜੀਕਲ ਟੀਮ ਨੇ ਮਾਈਕ੍ਰੋ ਟਾਂਕੇ ਮਾਈਕ੍ਰੋ ਉਪਕਰਣਾਂ ਦਾ ਇਸਤੇਮਾਲ ਕਰ ਕੇ ਯੂਰੇਟ੍ਰੋਪੇਲਵਿਕ ਜੋੜ ਦਾ ਸਾਵਧਾਨੀ ਨਾਲ ਮੁੜ ਨਿਰਮਾਣ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            