ਸੈਲਾਨੀਆਂ ਲਈ 1 ਜੂਨ ਤੋਂ ਖੁੱਲ੍ਹੇਗੀ ਫੁੱਲਾਂ ਦੀ ਘਾਟੀ, ਖਿੜਨਗੇ 600 ਤੋਂ ਵੱਧ ਪ੍ਰਜਾਤੀਆਂ ਦੇ ਰੰਗ-ਬਿਰੰਗੇ ਫੁੱਲ

Wednesday, May 31, 2023 - 02:42 PM (IST)

ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਵਿਸ਼ਵ ਵਿਰਾਸਤ ਵੈਲੀ ਆਫ ਫਲਾਵਰਜ਼ ਯਾਨੀ ਕਿ ਫੁੱਲਾਂ ਦੀ ਘਾਟੀ 1 ਜੂਨ ਯਾਨੀ ਵੀਰਵਾਰ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤੀ ਜਾਵੇਗੀ। ਵੈਲੀ ਆਫ ਫਲਾਵਰਜ਼ ਅਤੇ ਹੇਮਕੁੰਟ ਖੇਤਰ 'ਚ ਜ਼ਿਆਦਾ ਬਰਫਬਾਰੀ ਹੋਈ ਹੈ। ਕਰੀਬ ਦੋ ਕਿਲੋਮੀਟਰ ਤੱਕ ਬਰਫ ਹਟਾਉਣ ਤੋਂ ਬਾਅਦ ਨੰਦਾ ਦੇਵੀ ਨੈਸ਼ਨਲ ਪਾਰਕ ਪ੍ਰਸ਼ਾਸਨ ਵਲੋਂ ਘਾਟੀ ਤੱਕ ਆਵਾਜਾਈ ਟਰੈਕ ਲਈ ਖੋਲ੍ਹ ਦਿੱਤਾ ਹੈ। 

ਨੰਦਾ ਦੇਵੀ ਨੈਸ਼ਨਲ ਪਾਰਕ ਦੀ ਟੀਮ ਨੇ ਦੱਸਿਆ ਕਿ ਵੈਲੀ ਆਫ ਫਲਾਵਰਜ਼ ਦੇ ਹੇਠਲੇ ਹਿੱਸੇ 'ਚ ਬਰਫ ਪਿਘਲਣ ਤੋਂ ਬਾਅਦ ਫੁੱਲ ਖਿੜਨ ਲੱਗ ਜਾਣਗੇ। ਇਸ ਵਾਰ ਇਸ ਉੱਚੇ ਹਿਮਾਲੀਅਨ ਖੇਤਰ ਵਿਚ ਜੂਨ ਦੇ ਸ਼ੁਰੂ ਤੱਕ ਚੋਟੀਆਂ ਅਤੇ ਪਹੁੰਚ ਵਾਲੇ ਰਸਤੇ ਬਰਫ ਨਾਲ ਢੱਕੇ ਹੋਏ ਹਨ। ਇਸ ਲਈ ਕੁਦਰਤ ਪ੍ਰੇਮੀ ਜੋ ਫੁੱਲਾਂ ਦੀ ਵੈਲੀ ਦੇਖਣਾ ਚਾਹੁੰਦੇ ਹਨ, ਉਹ ਬਰਫ ਦੇ ਖੂਬਸੂਰਤ ਨਜ਼ਾਰਾ ਵੀ ਦੇਖ ਸਕਣਗੇ। ਫਲਾਵਰ ਦੀ ਵੈਲੀ 1 ਜੂਨ ਤੋਂ ਸੈਲਾਨੀਆਂ ਲਈ ਖੁੱਲ੍ਹ ਜਾਂਦੀ ਹੈ ਅਤੇ 31 ਅਕਤੂਬਰ ਤੱਕ ਖੁੱਲ੍ਹੀ ਰਹੇਗੀ।

ਫੁੱਲਾਂ ਦੀ ਘਾਟੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੈਲਾਨੀ ਅਤੇ ਬਨਸਪਤੀ ਸ਼ੋਧਕਰਤਾ ਆਉਂਦੇ ਹਨ। ਡਵੀਜ਼ਨਲ ਜੰਗਲਾਤ ਅਧਿਕਾਰੀ ਭਾਰਤ ਭੂਸ਼ਣ ਮਰਟੋਲੀਆ ਨੇ ਦੱਸਿਆ ਕਿ ਵੈਲੀ ਆਫ਼ ਫਲਾਵਰਜ਼ ਨੈਸ਼ਨਲ ਪਾਰਕ 6 ਸਤੰਬਰ 1982 ਨੂੰ ਬਣਾਇਆ ਗਿਆ ਸੀ।   17 ਜੁਲਾਈ 2005 ਨੂੰ ਯੂਨੈਸਕੋ ਨੇ ਵੈਲੀ ਆਫ਼ ਫਲਾਵਰਜ਼ ਨੂੰ ਵਿਸ਼ਵ ਵਿਰਾਸਤ ਐਲਾਨ ਕੀਤਾ। ਕਿਹਾ ਜਾਂਦਾ ਹੈ ਕਿ ਫੁੱਲਾਂ ਦੀ ਘਾਟੀ ਵਿਚ 600 ਤੋਂ ਵੱਧ ਕਿਸਮਾਂ ਦੇ ਫੁੱਲ ਖਿੜਦੇ ਹਨ। ਸਭ ਤੋਂ ਖੂਬਸੂਰਤ ਨਜ਼ਾਰਾ ਅਗਸਤ ਦੇ ਮੱਧ ਤੋਂ ਸਤੰਬਰ ਮਹੀਨੇ ਤੱਕ ਹੁੰਦਾ ਹੈ। ਫੁੱਲਾਂ ਦੀ ਘਾਟੀ ਦਾ ਖੇਤਰਫਲ 87.50 ਵਰਗ ਕਿਲੋਮੀਟਰ ਹੈ।


Tanu

Content Editor

Related News