ਵਿਸ਼ਵ ਵਾਤਾਵਰਣ ਦਿਵਸ: PM ਮੋਦੀ ਬੋਲੇ- ਮਿੱਟੀ ਨੂੰ ਰਸਾਇਣ ਮੁਕਤ ਬਣਾਉਣਾ ਭਾਰਤ ਦਾ ਮੁੱਖ ਟੀਚਾ

Sunday, Jun 05, 2022 - 01:38 PM (IST)

ਵਿਸ਼ਵ ਵਾਤਾਵਰਣ ਦਿਵਸ: PM ਮੋਦੀ ਬੋਲੇ- ਮਿੱਟੀ ਨੂੰ ਰਸਾਇਣ ਮੁਕਤ ਬਣਾਉਣਾ ਭਾਰਤ ਦਾ ਮੁੱਖ ਟੀਚਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਜਲਵਾਯੂ ਪਰਿਵਰਤਨ ਵਿਚ ਭਾਰਤ ਦੀ ਭੂਮਿਕਾ ਨਾ ਦੇ ਬਰਾਬਰ ਹੋਣ ਦੇ ਬਾਵਜੂਦ ਵਾਤਾਵਰਣ ਦੀ ਰੱਖਿਆ ਲਈ ਭਾਰਤ ਦੀਆਂ ਕੋਸ਼ਿਸ਼ਾਂ ਬਹੁਪੱਖੀ ਰਹੀਆਂ ਹਨ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਇੱਥੇ ਵਿਗਿਆਨ ਭਵਨ 'ਚ 'ਮਿੱਟੀ ਬਚਾਓ ਅੰਦੋਲਨ' ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਦੁਨੀਆ ਦੇ ਵੱਡੇ ਆਧੁਨਿਕ ਦੇਸ਼ ਨਾ ਸਿਰਫ ਧਰਤੀ ਦੇ ਜ਼ਿਆਦਾ ਤੋਂ ਜ਼ਿਆਦਾ ਸਰੋਤਾਂ ਦਾ ਦੋਹਣ ਕਰ ਰਹੇ ਹਨ ਸਗੋਂ ਸਭ ਤੋਂ ਜ਼ਿਆਦਾ ਕਾਰਬਨ ਨਿਕਾਸੀ ਵੀ ਉਨ੍ਹਾਂ ਦੇ ਖਾਤੇ ’ਚ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਐਲਾਨ ਕੀਤਾ ਕਿ ਅੱਜ ਹੀ ਭਾਰਤ ਨੇ ਪੈਟਰੋਲ ਵਿਚ 10 ਫੀਸਦੀ ਈਥਾਨੋਲ ਮਿਸ਼ਰਣ ਦਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ, ''ਤੁਸੀਂ ਇਹ ਜਾਣ ਕੇ ਵੀ ਮਾਣ ਮਹਿਸੂਸ ਕਰੋਗੇ ਕਿ ਭਾਰਤ ਇਸ ਟੀਚੇ 'ਤੇ ਤੈਅ ਸਮੇਂ ਤੋਂ ਪੰਜ ਮਹੀਨੇ ਪਹਿਲਾਂ ਪਹੁੰਚ ਗਿਆ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2014 'ਚ ਭਾਰਤ 'ਚ ਪੈਟਰੋਲ 'ਚ ਸਿਰਫ 1.5 ਫੀਸਦੀ ਈਥਾਨੌਲ ਮਿਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਨਾਲ 2.7 ਮਿਲੀਅਨ ਟਨ ਕਾਰਬਨ ਨਿਕਾਸੀ ਘਟੀ ਹੈ ਅਤੇ ਭਾਰਤ ਨੇ ਪਿਛਲੇ 8 ਸਾਲਾਂ ਵਿਚ 41,000 ਕਰੋੜ ਰੁਪਏ ਤੋਂ ਵੱਧ ਦਾ ਵਿਦੇਸ਼ੀ ਮੁਦਰਾ ਬਚਾਇਆ ਹੈ ਅਤੇ 40,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਮੋਦੀ ਨੇ ਇਸ ਉਪਲਬਧੀ ਲਈ ਦੇਸ਼ ਦੇ ਲੋਕਾਂ, ਕਿਸਾਨਾਂ ਅਤੇ ਤੇਲ ਨਿਰਮਾਤਾ ਕੰਪਨੀਆਂ ਨੂੰ ਵਧਾਈ ਦਿੱਤੀ। 'ਮਿੱਟੀ ਬਚਾਓ ਅੰਦੋਲਨ' ਮਿੱਟੀ ਦੀ ਵਿਗੜ ਰਹੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਸੁਧਾਰਨ ਲਈ ਸੁਚੇਤ ਜ਼ਿੰਮੇਵਾਰੀ ਪੈਦਾ ਕਰਨ ਲਈ ਇਕ ਗਲੋਬਲ ਅੰਦੋਲਨ ਹੈ। ਪ੍ਰਸਿੱਧ ਅਧਿਆਤਮਿਕ ਗੁਰੂ ਜੱਗੀ ਵਾਸੂਦੇਵ 'ਸਦਗੁਰੂ' ਨੇ ਮਾਰਚ 2022 ਵਿਚ ਇਸ ਲਹਿਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 27 ਦੇਸ਼ਾਂ ’ਚ 100 ਦਿਨਾਂ ਦੀ ਮੋਟਰਸਾਈਕਲ ਯਾਤਰਾ ਸ਼ੁਰੂ ਕੀਤੀ। 5 ਜੂਨ 100 ਦਿਨਾਂ ਦੀ ਯਾਤਰਾ ਦਾ 75ਵਾਂ ਦਿਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿਚ ਮਿੱਟੀ ਨੂੰ ਜਿਊਂਦਾ ਰੱਖਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਮਿੱਟੀ ਨੂੰ ਰਸਾਇਣ ਮੁਕਤ ਬਣਾਉਣ, ਮਿੱਟੀ ਵਿਚ ਰਹਿਣ ਵਾਲੇ ਜੀਵਾਂ ਨੂੰ ਬਚਾਉਣ, ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਣ ਅਤੇ ਪਾਣੀ ਦੀ ਉਪਲੱਬਧਤਾ ਨੂੰ ਵਧਾਉਣ ਲਈ ਕੰਮ ਕੀਤਾ ਗਿਆ ਹੈ।
 


author

Tanu

Content Editor

Related News