'ਬੀਬੀਆਂ ਵੀ ਹੁੰਦੀਆਂ ਨੇ ਚੰਗੀਆਂ ਡਰਾਈਵਰ', ਪੁਰਸ਼ਾਂ ਦੀ ਸੋਚ ਬਦਲਣ ਲਈ ਕਸ਼ਮੀਰ 'ਚ ਕੱਢੀ ਕਾਰ ਰੈਲੀ
Monday, Oct 05, 2020 - 11:33 AM (IST)
 
            
            ਨੈਸ਼ਨਲ ਡੈਸਕ- ਬੀਬੀਆਂ ਨੂੰ ਵਾਹਨ ਚਲਾਉਣ ਲਈ ਪ੍ਰੇਰਿਤ ਕਰਨ ਲਈ ਇਕ ਐੱਨ.ਜੀ.ਓ. ਨੇ ਸ਼੍ਰੀਨਗਰ ਟਰੈਫਿਕ ਪੁਲਸ ਦੇ ਸਹਿਯੋਗ ਨਾਲ ਇਕ ਕਾਰ ਰੈਲੀ ਦਾ ਆਯੋਜਨ ਕੀਤਾ। ਜਿਸ 'ਚ ਡਰਾਈਵਰ ਬੀਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਰੈਲੀ 'ਚ ਹਿੱਸਾ ਲੈਣ ਵਾਲੀ ਇਕ ਬੀਬੀ ਸ਼ੇਖ ਸਬਾ ਨੇ ਕਿਹਾ ਕਿ ਰੈਲੀ ਦਾ ਆਯੋਜਨ ਪੁਰਸ਼ਾਂ ਨੂੰ ਡਰਾਈਵਰ ਬੀਬੀਆਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਰੈਲੀ ਦਾ ਮਕਸਦ ਇਸ ਸੋਚ ਨੂੰ ਬਦਲਣਾ ਹੈ ਕਿ ਬੀਬੀਆਂ ਸਰਵਸ਼੍ਰੇਸ਼ਠ ਡਰਾਈਵਰ ਨਹੀਂ ਹਨ। ਸਬਾ ਨੇ ਕਿਹਾ ਕਿ ਪੁਰਸ਼ ਮੰਨਦੇ ਹਨ ਕਿ ਬੀਬੀਆਂ ਚੰਗੀ ਤਰ੍ਹਾਂ ਨਾਲ ਡਰਾਈਵ ਨਹੀਂ ਕਰਦੀਆਂ ਹਨ। ਜੇਕਰ ਅਸੀਂ ਘਰ, ਦਫ਼ਤਰ ਚੱਲਾ ਸਕਦੀਆਂ ਹਾਂ ਤਾਂ ਅਸੀਂ ਵਾਹਨ ਕਿਉਂ ਨਹੀਂ ਚੱਲਾ ਸਕਦੀਆਂ? ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਲੋਕਾਂ ਨੂੰ ਦਿਖਾਉਣ ਲਈ ਕੀਤੀ ਗਈ ਹੈ।
ਇਕ ਹੋਰ ਭਾਗੀਦਾਰ ਡਾ. ਸ਼ਰਮਿਲ ਨੇ ਕਿਹਾ ਕਿ ਆਮ ਜਨਤਾ 'ਚ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ। ਇਨ੍ਹਾਂ ਰੈਲੀਆਂ ਨੂੰ ਨਿਯਮਿਤ ਰੂਪ ਨਾਲ ਆਯੋਜਿਤ ਕੀਤਾ ਜਾਣਾ ਚਾਹੀਦਾ, ਇਹ ਡਰਾਈਵਰ ਬੀਬੀਆਂ ਨੂੰ ਉਤਸ਼ਾਹਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਇਸ ਤਰ੍ਹਾਂ ਦੀ ਰੈਲੀ ਕੀਤੀ ਜਾ ਰਹੀ ਹੈ। ਕਾਰ ਰੈਲੀ ਦੇ ਆਯੋਜਕ ਸਈਅਦ ਸਿਬਤੇਨ ਕਾਦਰੀ ਨੇ ਕਿਹਾ ਕਿ ਡਰਾਈਵਰ ਬੀਬੀਆਂ ਪੁਰਸ਼ ਚਾਲਕਾਂ ਦੀ ਤੁਲਨਾ 'ਚ ਘੱਟ ਹਾਦਸਿਆਂ 'ਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੀਬੀਆਂ ਨੂੰ ਹੋਰ ਵੱਧ ਡਰਾਈਵ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            