ਕਾਂਵੜ ਲੈ ਕੇ ਤਾਜ ਮਹਿਲ ਪਹੁੰਚੀ ਔਰਤ, ਗੰਗਾ ਜਲ ਚੜ੍ਹਾਉਣ ਦੀ ਕੀਤੀ ਕੋਸ਼ਿਸ਼

Monday, Jul 29, 2024 - 10:19 PM (IST)

ਆਗਰਾ — ਇਕ ਦੱਖਣਪੰਥੀ ਸਮੂਹ ਦੇ ਮੈਂਬਰ ਨੇ ਸੋਮਵਾਰ ਨੂੰ ਤਾਜ ਮਹਿਲ 'ਚ ਗੰਗਾ ਜਲ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ, ਸਮੂਹ ਨੇ ਦਾਅਵਾ ਕੀਤਾ ਕਿ ਇਹ ਸਮਾਰਕ ਭਗਵਾਨ ਸ਼ਿਵ ਦਾ ਮੰਦਰ ਹੈ, ਜਿਸ ਨੂੰ 'ਤੇਜੋ ਮਹਲਿਆ' ਕਿਹਾ ਜਾਂਦਾ ਹੈ। ਹਾਲਾਂਕਿ ਉਸ ਨੂੰ ਤਾਜ ਮਹਿਲ ਦੇ ਪੱਛਮੀ ਗੇਟ 'ਤੇ ਲਗਾਏ ਬੈਰੀਕੇਡ 'ਤੇ ਤਾਇਨਾਤ 'ਤਾਜ ਸੁਰੱਖਿਆ' ਪੁਲਸ ਮੁਲਾਜ਼ਮਾਂ ਨੇ ਰੋਕ ਲਿਆ।

ਤਾਜ ਸੁਰੱਖਿਆ ਦੇ ਸਹਾਇਕ ਕਮਿਸ਼ਨਰ ਪੁਲਸ (ਏਸੀਪੀ) ਸਈਅਦ ਅਰਿਬ ਅਹਿਮਦ ਨੇ ਪੀਟੀਆਈ ਨੂੰ ਦੱਸਿਆ ਕਿ ਉਸ ਨੂੰ ਪੱਛਮੀ ਗੇਟ 'ਤੇ ਰੋਕ ਲਿਆ ਗਿਆ ਸੀ ਅਤੇ ਉਹ ਤਾਜ ਮਹਿਲ ਵਿੱਚ ਦਾਖਲ ਨਹੀਂ ਹੋ ਸਕੀ। ਅਹਿਮਦ ਨੇ ਕਿਹਾ, "ਕੁਝ ਸਮੇਂ ਬਾਅਦ, ਉਸਨੇ ਖੁਦ ਰਾਜੇਸ਼ਵਰ ਮੰਦਰ ਵਿੱਚ ਗੰਗਾ ਜਲ ਚੜ੍ਹਾਉਣ ਦਾ ਫੈਸਲਾ ਕੀਤਾ।" ਆਪਣੇ ਆਪ ਨੂੰ ਆਗਰਾ 'ਚ ਅਖਿਲ ਭਾਰਤ ਹਿੰਦੂ ਮਹਾਸਭਾ ਦੀ ਜ਼ਿਲਾ ਪ੍ਰਧਾਨ ਦੱਸਣ ਵਾਲੀ ਮੀਨੂੰ ਰਾਠੌਰ ਨੇ ਪੁਲਸ ਅਧਿਕਾਰੀਆਂ ਨੂੰ 'ਤੇਜੋ ਮਹਾਲਿਆ' 'ਚ ਗੰਗਾ ਜਲ ਚੜ੍ਹਾਉਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ। ਉਸਨੇ ਦਾਅਵਾ ਕੀਤਾ ਕਿ ਭਗਵਾਨ ਸ਼ਿਵ ਉਸਦੇ ਸੁਪਨੇ ਵਿੱਚ ਆਏ ਸਨ ਅਤੇ ਉਨ੍ਹਾਂ ਨੂੰ ਸਮਾਰਕ 'ਤੇ ਗੰਗਾ ਜਲ ਚੜ੍ਹਾਉਣ ਲਈ ਕਿਹਾ ਸੀ।

ਰਾਠੌਰ ਨੇ ਕਿਹਾ, ''ਮੈਂ ਤੇਜੋ ਮਹਲਿਆ 'ਚ ਗੰਗਾ ਜਲ ਚੜ੍ਹਾਉਣ ਆਈ ਸੀ। ਸੁਪਨੇ ਵਿੱਚ ਭਗਵਾਨ ਸ਼ਿਵ ਨੇ ਮੈਨੂੰ ਬੁਲਾਇਆ ਅਤੇ ਮੈਂ ਕਾਂਵੜ ਨੂੰ ਤੇਜੋ ਮਹਲਿਆ ਨੂੰ ਜਲ ਚੜ੍ਹਾਉਣ ਲਈ ਲੈ ਆਈ। ਪਰ, ਉਨ੍ਹਾਂ (ਪੁਲਸ ਵਾਲਿਆਂ) ਨੇ ਮੈਨੂੰ ਅੱਗੇ ਜਾਣ ਤੋਂ ਰੋਕ ਦਿੱਤਾ।'' ਅਖਿਲ ਭਾਰਤ ਹਿੰਦੂ ਮਹਾਸਭਾ ਦੇ ਬੁਲਾਰੇ ਸੰਜੇ ਜਾਟ ਨੇ ਕਿਹਾ, ''ਤਾਜ ਮਹਿਲ 'ਤੇ ਗੰਗਾ ਜਲ ਚੜ੍ਹਾਉਣਾ ਸਾਡਾ ਅਧਿਕਾਰ ਹੈ ਕਿਉਂਕਿ ਤਾਜ ਮਹਿਲ 'ਤੇਜੋ ਮਹਲਿਆ' ਹੈ, ਜੋ ਕਿ ਭਗਵਾਨ ਸ਼ਿਵ ਦਾ ਮੰਦਰ। ਉਹ ਕਾਸਗੰਜ ਦੇ ਸੋਰੋਂਜੀ ਤੋਂ ਕਾਂਵੜ ਨੂੰ ਲੈ ਕੇ ਆਈ ਅਤੇ ਦੋ ਦਿਨ ਦਾ ਸਫ਼ਰ ਕਰ ਕੇ ਆਗਰਾ ਪਹੁੰਚੀ।'' 


Inder Prajapati

Content Editor

Related News