ਗੂਗਲ 'ਤੇ ਮਾਰੀ ਸਰਚ, ਖਾਤੇ 'ਚੋਂ ਉੱਡ ਗਏ 6 ਲੱਖ ਰੁਪਏ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Friday, Oct 04, 2024 - 04:52 PM (IST)

ਮੁੰਬਈ (ਭਾਸ਼ਾ)- ਮੁੰਬਈ ਦੀ ਇਕ ਔਰਤ ਨੇ 5,000 ਰੁਪਏ ਬਚਾਉਣ ਲਈ ਗੂਗਲ 'ਤੇ ਸਰਚ ਕੀਤੇ ਨੰਬਰ ਨੂੰ ਸਰਕਾਰੀ ਹੈਲਪਲਾਈਨ ਸਮਝ ਕੇ ਡਾਇਲ ਕੀਤਾ ਅਤੇ ਉਹ ਕਥਿਤ ਤੌਰ 'ਤੇ 6 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਬੁੱਧਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਵਾਲੀ 31 ਸਾਲਾ ਔਰਤ ਨੇ ਘਾਟਕੋਪਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਘਾਟਕੋਪਰ ਵੈਸਟ ਦੇ ਚਿਰਾਗ ਨਗਰ ਦੀ ਰਹਿਣ ਵਾਲੀ ਔਰਤ ਨੇ 26 ਸਤੰਬਰ ਨੂੰ 'ਕਾਰਡ ਰਹਿਤ ਸੁਵਿਧਾ' ਦੀ ਵਰਤੋਂ ਕਰ ਕੇ ਆਪਣੇ ਬੈਂਕ ਮੋਬਾਈਲ ਐਪ ਤੋਂ 5,000 ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕੁਝ ਤਕਨੀਕੀ ਖਰਾਬੀ ਕਾਰਨ, ਉਸ ਨੂੰ ਇਕ ਸੁਨੇਹਾ ਮਿਲਿਆ ਕਿ ਉਸ ਦਾ ਪੈਸਾ UPI (ਯੂਨੀਫਾਈਡ ਪੇਮੈਂਟ ਇੰਟਰਫੇਸ) ਰਾਹੀਂ 'ਮੁੱਖ ਮੰਤਰੀ ਆਫ਼ਤ ਰਾਹਤ ਫੰਡ' ਖਾਤੇ 'ਕੇਰਲਾCMDRF.covid@ICICI' 'ਚ ਚਲਾ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਅਗਲੇ ਦਿਨ ਔਰਤ ਨੇ ਗੂਗਲ ਸਰਚ ਦੀ ਮਦਦ ਨਾਲ ਯੂਪੀਆਈ ਦੇ ਸੰਚਾਲਕ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ.) ਦੇ 'ਮੁਫ਼ਤ ਟੋਲ ਫ੍ਰੀ' ਨੰਬਰ ਦੀ ਭਾਲ ਕੀਤੀ। ਨਤੀਜੇ 'ਚ ਸਾਹਮਣੇ ਆਏ ਨੰਬਰ 'ਤੇ ਭਰੋਸਾ ਕਰ ਕੇ ਔਰਤ ਨੇ ਫੋਨ ਕੀਤਾ, ਦੂਜੇ ਪਾਸੇ ਫੋਨ ਚੁੱਕਣ ਵਾਲੇ ਵਿਅਕਤੀ ਨੇ ਖ਼ੁਦ ਦੀ ਪਛਾਣ ਐੱਨ.ਪੀ.ਸੀ.ਆਈ. ਬਾਂਦਰਾ ਬਰਾਂਚ ਦੇ ਕਰਮੀ ਸੁਰੇਸ਼ ਵਜੋਂ ਦੱਸੀ ਅਤੇ ਕਿਹਾ ਕਿ ਉਸ ਨੂੰ ਦੂਜੇ ਨੰਬਰ ਤੋਂ ਫੋਨ ਆਏਗਾ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਅਮਿਤ ਯਾਦਵ ਨਾਂ ਦੇ ਇਕ ਵਿਅਕਤੀ ਦਾ ਫੋਨ ਆਇਆ ਅਤੇ ਉਸ ਨੇ ਸ਼ਿਕਾਇਤਕਰਤਾ ਨੂੰ ਇਕ ਐਪ ਡਾਊਨਲੋਡ ਕਰਨ ਅਤੇ ਮਦਦ ਲਈ ਆਪਣੇ ਫੋਨ ਦਾ ਸਕ੍ਰੀਨ ਸ਼ਾਟ ਸਾਂਝਾ ਕਰਨ ਲਈ ਕਿਹਾ। 

ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਸੁੱਟੇ ਗਏ ਦੇਸੀ ਬੰਬ, ਹੋਈ ਕਈ ਰਾਊਂਡ ਫਾਇਰਿੰਗ

ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਝਾਂਸੇ 'ਚ ਆ ਕੇ ਔਰਤ ਨੇ ਆਪਣੇ ਖਾਤੇ, ਪਾਸਵਰਡ, ਪੈਨ ਨੰਬਰ ਅਤੇ ਯੂਪੀਆਈ ਖਾਤੇ ਦੀ ਜਾਣਕਾਰੀ ਦੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਸਾਂਝੀ ਕਰਦੇ ਹੀ ਔਰਤ ਦੇ ਖਾਤੇ 'ਚੋਂ 93,062 ਰੁਪਏ ਵੀਰੇਂਦਰ ਰਾਏਕਵਾਰ ਨਾਮੀ ਵਿਅਕਤੀ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੇ ਗੇ। ਉਨ੍ਹਾਂ ਦੱਸਿਆ ਕਿ ਯਾਦਵ ਨਾਮੀ ਵਿਅਕਤੀ ਨੇ ਦੱਸਿਆ ਕਿ ਨਵਾਂ ਖਾਤਾ ਖੋਲ੍ਹਿਆ ਗਿਆ ਹੈ ਅਤੇ 24 ਘੰਟੇ ਅੰਦਰ ਕੱਢੀ ਗਈ ਰਾਸ਼ੀ ਵਾਪਸ ਜਮ੍ਹਾ ਕਰਵਾ ਦਿੱਤੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ 28 ਸਤੰਬਰ ਨੂੰ ਔਰਤ ਨੇ ਐੱਨਸੀਪੀਆਈ ਦੇ 'ਟੋਲ ਫ੍ਰੀ' ਨੰਬਰ 'ਤੇ ਫੋਨ ਕੀਤਾ ਅਤੇ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਉਸ ਦੀ ਰਾਸ਼ੀ 24 ਘੰਟਿਆਂ ਅੰਦਰ ਵਾਪਸ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਸ਼ਰਮਾ ਨੇ ਇਸ ਤੋਂ ਬਾਅਦ ਰਾਕੇਸ਼ ਦੋਸਾਰਾ ਨਾਮੀ ਵਿਅਕਤੀ ਨਾਲ ਉਸ ਦਾ ਸੰਪਰਕ ਕਰਵਾਇਆ ਅਤੇ ਦੋਸਾਰਾ ਨੇ ਵੀ ਉਸ ਦੀ ਜਾਣਕਾਰੀ ਲਈ ਅਤੇ ਉਸ ਦੇ ਖਾਤੇ ਤੋਂ ਪੈਸੇ ਫਿਰ ਕੱਟੇ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕਈ ਵਾਰ ਹੋਈ ਅਤੇ ਉਸ ਦੇ ਖਾਤੇ 'ਚੋਂ 16 ਸਤੰਬਰ ਤੋਂ 20 ਸਤੰਬਰ ਦਰਮਿਆਨ 6 ਲੱਖ ਰੁਪਏ ਉਡਾ ਲਏ ਗਏ। ਉਨ੍ਹਾਂ ਦੱਸਿਆ ਕਿ ਔਰਤ ਨੂੰ ਜਦੋਂ ਸਾਈਬਰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਬੁੱਧਵਾਰ ਨੂੰ ਪੁਲਸ ਨਾਲ ਸੰਪਰਕ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News