ਦਰਦ ਨਾਲ ਤੜਫ ਰਹੀ ਸੀ ਔਰਤ, ਡਲਿਵਰੀ ਲਈ ਨਰਸ ਨੇ ਮੰਗੇ 1000 ਰੁਪਏ
Tuesday, Feb 05, 2019 - 10:17 PM (IST)

ਝੁੰਝੁਨੂੰ– ਰਾਜਸਥਾਨ ਦੇ ਝੁੰਝੁਨੂੰ ’ਚ ਇਕ ਸ਼ਰਮਿੰਦਾ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਣੇਪਾ ਪੀੜਾ ਨਾਲ ਤੜਪ ਰਹੀ ਔਰਤ ਨੂੰ ਸੰਭਾਲਣ ਦੀ ਬਜਾਏ ਪੈਸੇ ਮੰਗੇ ਗਏ ਅਤੇ ਇਸ ਤੋਂ ਬਾਅਦ ਡਲਿਵਰੀ ਕਰਵਾਈ ਗਈ। ਹਮੀਰੀ ਕਲਾਂ ਵਾਸੀ ਸੰਜੇ ਨਾਇਕ ਦੀ ਪਤਨੀ ਰੌਸ਼ਨੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਪਰ ਜਦੋਂ ਨਵਜੰਮੇ ਬੱਚੇ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਹੋਈ ਤਾਂ ਕਿਸੇ ਨੇ ਸੰਭਾਲਿਆ ਤੱਕ ਨਹੀਂ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਨ੍ਹਾਂ ਨਰਸਾਂ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਉਹ ਬੱਚੇ ਨੂੰ ਲੈ ਕੇ ਇਧਰ-ਉਧਰ ਘੁੰਮਦੇ ਰਹੇ। ਮੰਗਲਵਾਰ ਸਵੇਰੇ ਹਸਪਤਾਲ ’ਚ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਦੱਸਿਆ ਕਿ ਕਾਫੀ ਦੇਰ ਪਹਿਲਾਂ ਹੀ ਬੱਚੇ ਦੀ ਮੌਤ ਹੋ ਚੁੱਕੀ ਹੈ। ਜਣੇਪਾ ਪੀੜਤ ਔਰਤ ਦੇ ਮਾਮੇ ਨੇ ਦੱਸਿਆ ਕਿ ਡਲਿਵਰੀ ਲਈ ਸਾਨੂੰ ਟਾਲਿਆ ਜਾ ਰਿਹਾ ਸੀ। ਅਸੀਂ ਗੱਲਬਾਤ ਕੀਤੀ ਤਾਂ ਇਕ ਹਜ਼ਾਰ ਰੁਪਏ ਮੰਗੇ ਗਏ। ਮੈਂ 700 ਰੁਪਏ ਦਿੱਤੇ। ਇਸ ਤੋਂ ਬਾਅਦ ਸੋਮਵਾਰ ਰਾਤ 11.50 ’ਤੇ ਡਲਿਵਰੀ ਕਰਵਾਈ ਗਈ। ਬਾਅਦ ’ਚ ਬੱਚੇ ਦੀ ਮੌਤ ਹੋ ਗਈ ਤਾਂ ਨਰਸ ਸਵੇਰੇ 600 ਰੁਪਏ ਵਾਪਸ ਦੇ ਗਈ।