''ਦ੍ਰਿਸ਼ਯਮ'' ਫਿਲਮ ਦੇਖ ਰਚੀ ਸਾਜ਼ਿਸ਼; ਸਾੜੀ ਨਾਲ ਗਲ਼ ਘੁੱਟਿਆ ਫਿਰ ਦਫ਼ਨਾ ਦਿੱਤੀ ਔਰਤ ਦੀ ਲਾਸ਼

Monday, Aug 12, 2024 - 04:46 PM (IST)

ਕਵਰਧਾ- ਛੱਤੀਗਸੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ ਇਕ ਔਰਤ ਦੇ ਕਤਲ ਦੇ ਦੋਸ਼ 'ਚ ਪੁਲਸ ਨੇ ਉਸ ਦੇ ਸਾਬਕਾ ਪਤੀ ਅਤੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੀ ਸਾਜ਼ਿਸ਼ ਰਚਣ ਦੌਰਾਨ ਔਰਤ ਦੇ ਪਤੀ ਨੇ ਇਕ ਵਾਰ ਅਤੇ ਉਸ ਦੇ ਪ੍ਰੇਮੀ ਨੇ 4 ਵਾਰ ਹਿੰਦੀ ਫਿਲਮ 'ਦ੍ਰਿਸ਼ਯਮ' ਵੇਖੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਹਾਰਾ ਥਾਣਾ ਖੇਤਰ ਦੇ ਅਧੀਨ ਕਲਿਆਣਪੁਰ ਪਿੰਡ ਦੀ ਵਸਨੀਕ ਗਵਾਲਿਨ ਸਾਹੂ (28) ਦੇ ਕਤਲ ਦੇ ਦੋਸ਼ ਵਿਚ ਪੁਲਸ ਨੇ ਉਸ ਦੇ ਸਾਬਕਾ ਪਤੀ ਲੁਕੇਸ਼ ਸਾਹੂ (29) ਅਤੇ ਪ੍ਰੇਮੀ ਰਾਜਾ ਸਾਹੂ (26) ਨੂੰ ਗ੍ਰਿਫ਼ਤਾਰ ਕੀਤਾ ਹੈ। ਕਬੀਰਧਾਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਪੱਲਵ ਨੇ ਦੱਸਿਆ ਕਿ ਗਵਾਲਿਨ ਦੇ ਪਿਤਾ ਰਾਮਖੇਲਾਵਨ ਸਾਹੂ ਨੇ 22 ਜੁਲਾਈ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਧੀ 18 ਜੁਲਾਈ ਨੂੰ ਕਵਰਧਾ ਸ਼ਹਿਰ ਲਈ ਰਵਾਨਾ ਹੋਈ ਸੀ ਪਰ ਘਰ ਵਾਪਸ ਨਹੀਂ ਆਈ।

ਪੱਲਵ ਨੇ ਦੱਸਿਆ ਕਿ ਜਾਂਚ ਦੌਰਾਨ ਗਵਾਲਿਨ ਦੇ ਭਰਾ ਮੁਕੇਸ਼ ਸਾਹੂ ਨੇ ਪੁਲਸ ਨੂੰ ਦੱਸਿਆ ਕਿ ਔਰਤ ਦਾ ਵਿਆਹ ਚਿਮਾਗੋਦੀ ਪਿੰਡ ਦੇ ਵਸਨੀਕ ਲੁਕੇਸ਼ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਮੁਕੇਸ਼ ਨੇ ਦੱਸਿਆ ਕਿ ਲੁਕੇਸ਼ ਨੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਾਰਨ ਉਸ ਨਾਲ ਵਿਆਹੁਤਾ ਸਬੰਧ ਖਤਮ ਕਰ ਲਏ ਸਨ, ਜਿਸ ਤੋਂ ਬਾਅਦ ਉਹ ਚਿਮਾਗੋਦੀ ਪਿੰਡ ਦੇ ਵਸਨੀਕ ਰਾਜਾ ਰਾਮ ਕੋਲ ਚੱਲੀ ਗਈ ਸੀ ਅਤੇ ਉਹ ਦੋਵੇਂ ਕਵਰਧਾ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਮੁਕੇਸ਼ ਨੇ ਦੱਸਿਆ ਕਿ ਗਵਾਲਿਨ ਨੇ ਆਪਣੇ ਪਤੀ ਲੁਕੇਸ਼ ਸਾਹੂ ਤੋਂ ਆਪਣੇ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਕਵਰਧਾ ਦੀ ਅਦਾਲਤ ਵਿਚ ਮਾਮਲਾ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਤਿੰਨਾਂ ਬੱਚਿਆਂ ਦੇ ਨਾਂ 'ਤੇ 4500 ਰੁਪਏ ਮਹੀਨਾਵਾਰ ਖਰਚਾ ਦੇਣ ਦਾ ਆਦੇਸ਼ ਦਿੱਤਾ ਸੀ ਅਤੇ ਲੁਕੇਸ਼ ਇਸ ਪੈਸਿਆਂ ਨੂੰ ਅਦਾਲਤ ਵਿਚ ਜਮਾਂ ਕਰਦਾ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਰਾਜਾ ਰਾਮ ਅਤੇ ਲੁਕੇਸ਼ ਤੋਂ ਪੁੱਛ-ਗਿੱਛ ਕੀਤੀ, ਜਿਸ ਤੋਂ ਬਾਅਦ ਦੋਹਾਂ ਨੇ ਗਵਾਲਿਨ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਪੱਲਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਾਜਾ ਰਾਮ ਅਤੇ ਲੁਕੇਸ਼ ਨੇ ਦੱਸਿਆ ਕਿ ਉਹ ਦੋਵੇਂ ਗਵਾਲਿਨ ਤੋਂ ਤੰਗ ਆ ਚੁੱਕੇ ਸਨ ਅਤੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਇਸ ਦੇ ਲਈ ਉਹ ਪਿਛਲੇ ਇਕ ਮਹੀਨੇ ਤੋਂ ਯੋਜਨਾ ਬਣਾ ਰਹੇ ਸਨ। ਇਸ ਦੌਰਾਨ ਰਾਜਾ ਰਾਮ ਨੇ 'ਦ੍ਰਿਸ਼ਯਮ' ਫਿਲਮ ਚਾਰ ਵਾਰ ਵੇਖੀ ਅਤੇ ਲੁਕੇਸ਼ ਨੇ ਇਕ ਵਾਰ ਦੇਖੀ, ਤਾਂ ਜੋ ਕਤਲ ਤੋਂ ਬਾਅਦ ਲਾਸ਼ ਨੂੰ ਸੁੱਟ ਕੇ ਪੁਲਸ ਤੋਂ ਬਚਿਆ ਜਾ ਸਕੇ। ਦੋਸ਼ੀਆਂ ਨੇ ਯੋਜਨਾ ਬਣਾਉਣ ਮਗਰੋਂ 19 ਜੁਲਾਈ ਨੂੰ ਘਾਨੀਖੁਟਾ ਘਾਟ ਦੇ ਜੰਗਲ ਵਿਚ ਗਵਾਲਿਨ ਦੀ ਸਾੜੀ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਦਫ਼ਨਾ ਦਿੱਤਾ।


Tanu

Content Editor

Related News