ਕਾਰ ਦੇ ਬੋਨਟ ’ਤੇ ਬੈਠ ਕੇ ਰੀਲ ਬਣਾਉਣਾ ਔਰਤ ਨੂੰ ਪਹਿਆ ਮਹਿੰਗਾ, ਹੋ ਗਿਆ ਵੱਡਾ ਚਲਾਨ
Saturday, Apr 19, 2025 - 09:47 PM (IST)

ਔਰਈਆ - ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲੇ ’ਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਚਲਦੀ ਕਾਰ ਦੇ ਬੋਨਟ ’ਤੇ ਬੈਠ ਕੇ ਇਕ ਇੰਸਟਾਗ੍ਰਾਮ ਰੀਲ ਬਣਾਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੇਤਰੀ ਟਰਾਂਸਪੋਰਟ ਅਧਿਕਾਰੀ (ਏ. ਆਰ. ਟੀ. ਓ.) ਨੇ ਤੁਰੰਤ ਮੋਟਰ ਵਹੀਕਲ ਐਕਟ ਅਧੀਨ ਕਾਰਵਾਈ ਕੀਤੀ ਤੇ 5000 ਰੁਪਏ ਦਾ ਚਲਾਨ ਕਟਿਆ।
ਇਹ ਵੀਡੀਓ ਬੁੰਦੇਲਖੰਡ ਐਕਸਪ੍ਰੈਸਵੇਅ ’ਤੇ ਯਮੁਨਾ ਪੈਂਟੂਨ ਪੁਲ ਨੇੜੇ ਸ਼ੂਟ ਕੀਤਾ ਗਿਆ। ਵੀਡੀਓ ’ਚ ਨਜ਼ਰ ਆ ਰਹੀ ਔਰਤ ਦੀ ਪਛਾਣ ਸ਼ਿਵਾਨੀ ਚੌਹਾਨ ਵਜੋਂ ਹੋਈ ਹੈ। ਰੀਲ ’ਚ ਉਹ ਕਾਰ ਦੇ ਬੋਨਟ ’ਤੇ ਬੈਠੀ ‘ਸਾਰੀ ਰਾਤ ਤੇਰੀ ਯਾਦ ਮੁਝੇ ਆਤੀ ਰਹੀ’ ਅਤੇ ‘ਤੇਰੇ ਕਾਲੇ-ਕਲੇ ਨੈਣ’ ਵਰਗੇ ਗੀਤਾਂ ’ਤੇ ਆਪਣੀਆਂ ਅਦਾਵਾਂ ਵਿਖਾਉਂਦੀ ਨਜ਼ਰ ਆਉਂਦੀ ਹੈ।
ਇਸ ਦੌਰਾਨ ਕਾਰ ’ਚ ਪਰਿਵਾਰ ਦੇ ਹੋਰ ਮੈਂਬਰ ਤੇ ਇਕ ਬੱਚਾ ਵੀ ਮੌਜੂਦ ਸੀ। ਇਹ ਕਾਰ ਉਪੇਂਦਰ ਸਿੰਘ ਚੌਹਾਨ ਦੇ ਨਾਂ ’ਤੇ ਰਜਿਸਟਰਡ ਹੈ। ਰੀਲ ਬਣਾਉਣ ਕਾਰਨ ਨਾ ਸਿਰਫ਼ ਆਵਾਜਾਈ ’ਚ ਵਿਘਨ ਪਿਆ, ਸਗੋਂ ਔਰਤ ਦੀ ਜਾਨ ਵੀ ਖ਼ਤਰੇ ’ਚ ਪਈ ਰਹੀ।