ਉੱਤਰਾਖੰਡ ਘੁੰਮਣ ਆਏ ਸੈਲਾਨੀਆਂ ਦੀ ਕਾਰ ਖੱਡ ''ਚ ਡਿੱਗੀ, ਔਰਤ ਸਮੇਤ 3 ਯਾਤਰੀਆਂ ਦੀ ਮੌਤ

Saturday, Apr 08, 2023 - 11:25 AM (IST)

ਉੱਤਰਾਖੰਡ ਘੁੰਮਣ ਆਏ ਸੈਲਾਨੀਆਂ ਦੀ ਕਾਰ ਖੱਡ ''ਚ ਡਿੱਗੀ, ਔਰਤ ਸਮੇਤ 3 ਯਾਤਰੀਆਂ ਦੀ ਮੌਤ

ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗਿਆ। ਜਿਸ ਕਾਰਨ ਵਾਹਨ ਵਿਚ ਸਵਾਰ ਇਕ ਔਰਤ ਸਮੇਤ 3 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਿਕ ਇਕ ਯਾਤਰੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਯਾਤਰੀ ਨੇ ਦਿਨ ਨਿਕਲਣ 'ਤੇ ਸ਼ਨੀਵਾਰ ਸਵੇਰੇ ਸੜਕ ਆ ਕੇ ਉੱਥੋਂ ਲੰਘ ਰਹੇ ਵਾਹਨ ਚਾਲਕ ਨੂੰ ਹਾਦਸੇ ਦੀ ਸੂਚਨਾ ਦਿੱਤੀ, ਉਸ ਤੋਂ ਬਾਅਦ ਰਾਹਤ ਕੰਮ ਸ਼ੁਰੂ ਹੋਇਆ।

ਮ੍ਰਿਤਕ ਔਰਤ ਦਿੱਲੀ ਦੀ ਅਤੇ ਪੁਰਸ਼ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਸਨ। ਪੁਲਸ ਬੁਲਾਰੇ ਨੇ ਅੱਜ ਦੱਸਿਆ ਕਿ ਸਵੇਰੇ ਕਰੀਬ 6.45 ਵਜੇ ਕੰਟਰੋਲ ਰੂਮ ਜ਼ਰੀਏ ਥਾਣਾ ਕਾਲਸੀ ਨੂੰ ਸੂਚਨਾ ਮਿਲੀ ਸੀ ਕਿ ਕਾਲਸੀ ਤੋਂ 14 ਕਿਲੋਮੀਟਰ ਅੱਗੇ ਚਾਪਨੂੰ ਨੇੜੇ ਇਕ ਗੱਡੀ ਲਗਭਗ 200 ਮੀਟਰ ਡੂੰਘੀ ਖੱਡ 'ਚ ਡਿੱਗ ਗਈ ਹੈ। ਉਕਤ ਸੂਚਨਾ ਮਿਲਣ 'ਤੇ ਥਾਣਾ ਕਾਲਸੀ ਤੋਂ ਪੁਲਸ ਫੋਰਸ ਅਤੇ ਸੂਬਾਈ ਆਫ਼ਤ ਪ੍ਰਤੀਕਿਰਿਆ ਬਲ (SDRF) ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚਣ 'ਤੇ ਪੁਲਸ ਨੂੰ ਪਤਾ ਲੱਗਾ ਕਿ ਇਕ ਸਵਿਫਟ ਡਿਜ਼ਾਇਰ ਕਾਰ ਨੰਬਰ ਯੂ. ਪੀ. 14 ਸੀਏ 3346 ਚਕਰਾਤਾ ਵੱਲ ਜਾ ਰਹੀ ਸੀ, ਜਿਸ 'ਚ 4 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਵਿਅਕਤੀ ਵਲੋਂ ਜਾਣਕਾਰੀ ਮਿਲੀ ਕਿ ਉਕਤ ਸਾਰੇ ਵਿਅਕਤੀ ਗਾਜ਼ੀਆਬਾਦ ਤੋਂ ਚਕਰਾਤਾ ਘੁੰਮਣ ਲਈ ਜਾ ਰਹੇ ਸਨ। ਰਾਤ ਸਮੇਂ ਕਰੀਬ 11.30 ਵਜੇ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ। ਇਸ ਦੌਰਾਨ ਉਹ ਉਕਤ ਵਾਹਨ ਤੋਂ ਬਾਹਰ ਡਿੱਗ ਗਏ, ਜਿਸ ਨੂੰ ਸਵੇਰੇ ਕਰੀਬ 6 ਵਜੇ ਉੱਥੋਂ ਲੰਘ ਰਹੇ ਪਿਕਅਪ ਵਾਹਨ ਦੇ ਚਾਲਕ ਵਲੋਂ ਵੇਖਿਆ ਗਿਆ ਅਤੇ ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਸ ਵਲੋਂ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। 


author

Tanu

Content Editor

Related News