ਔਰਤ ਨੇ ਆਪਣੀਆਂ ਧੀਆਂ ਨੂੰ ਦਿੱਤਾ ਜ਼ਹਿਰ, ਕੀਤੀ ਖੁਦਕੁਸ਼ੀ

Monday, Jul 08, 2019 - 10:59 AM (IST)

ਔਰਤ ਨੇ ਆਪਣੀਆਂ ਧੀਆਂ ਨੂੰ ਦਿੱਤਾ ਜ਼ਹਿਰ, ਕੀਤੀ ਖੁਦਕੁਸ਼ੀ

ਪਾਲਘਰ (ਭਾਸ਼ਾ)— ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿਚ 30 ਸਾਲਾ ਇਕ ਔਰਤ ਨੇ ਆਪਣੀਆਂ ਦੋ ਮਾਸੂਮ ਧੀਆਂ ਨੂੰ ਜ਼ਹਿਰ ਦੇ ਦਿੱਤਾ ਅਤੇ ਬਾਅਦ 'ਚ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਕ ਬੱਚੀ ਨੇ ਦਮ ਤੋੜ ਦਿੱਤਾ, ਜਦਕਿ ਦੂਜੀ ਬੱਚੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰੂਕਸਾਨਾ ਡਾਂਡਵਾ ਦੀਆਂ 4 ਧੀਆਂ ਹਨ ਅਤੇ ਪਿਛਲੇ ਮਹੀਨੇ ਉਸ ਦੇ ਪਤੀ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਹ ਪਰੇਸ਼ਾਨੀ 'ਚ ਸੀ। ਇਹ ਘਟਨਾ ਸ਼ਨੀਵਾਰ ਦੀ ਹੈ, ਜਦੋਂ ਉਸ ਦੀਆਂ 2 ਵੱਡੀਆਂ ਧੀਆਂ ਸਕੂਲ ਚਲੀਆਂ ਗਈਆਂ ਤਾਂ ਔਰਤ ਨੇ ਆਪਣੀਆਂ ਦੋ ਹੋਰ ਬੱਚੀਆਂ ਨੂੰ ਜ਼ਹਿਰ ਮਿਲਿਆ ਹੋਇਆ ਖਾਣਾ ਦੇ ਦਿੱਤਾ ਅਤੇ ਬਾਅਦ ਵਿਚ ਖੁਦ ਵੀ ਖਾ ਲਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਅਤੇ ਉਸ ਦੀ 3 ਸਾਲਾ ਧੀ ਦੀਪਾਲੀ ਦੀ ਮੌਤ ਹੋ ਗਈ, ਜਦਕਿ 8 ਮਹੀਨੇ ਦੀ ਬੱਚੀ ਬਚ ਗਈ। ਜਿਸ ਦਾ ਇਕ ਸਥਾਨਕ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ, ਜਿੱਥੇ ਬੱਚੀ ਦੀ ਹਾਲਤ ਗੰਭੀਰ ਦੱਸੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਹੋਰ ਬੱਚੀਆਂ ਨੂੰ ਉਨ੍ਹਾਂ ਦੇ ਦਾਦਾ-ਦਾਦੀ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਇਸ ਘਟਨਾ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ।


author

Tanu

Content Editor

Related News