ਜਨਾਨੀ ਨੇ ਰੇਲਵੇ ਸਟੇਸ਼ਨ ''ਤੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ, ਦੋਹਾਂ ਦੀ ਮੌਤ
Saturday, May 23, 2020 - 12:57 PM (IST)
ਕੌਸ਼ਾਂਬੀ (ਵਾਰਤਾ)— ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਮਜ਼ਦੂਰ ਸਪੈਸ਼ਲ ਟਰੇਨ 'ਚ ਸਫਰ ਕਰ ਰਹੀ ਇਕ ਜਨਾਨੀ ਨੇ ਸਿਰਾਥੂ ਰੇਲਵੇ ਸਟੇਸ਼ਨ 'ਤੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ ਪਰ ਦੋਹਾਂ ਨੇ ਕੁਝ ਘੰਟਿਆਂ ਬਾਅਦ ਹੀ ਦਮ ਤੋੜ ਦਿੱਤਾ। ਰੇਲਵੇ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਮਜ਼ਦੂਰ ਸਪੈਸ਼ਲ ਟਰੇਨ 'ਚ ਗਾਇਤਰੀ ਆਪਣੇ ਪਤੀ ਭੈਯਾਲਾਲ ਨਾਲ ਸ਼ੁੱਕਰਵਾਰ ਨੂੰ ਗੁਜਰਾਤ ਤੋਂ ਵਾਰਾਣਸੀ ਆਪਣੇ ਘਰ ਪਰਤ ਰਹੀ ਸੀ। ਸਿਰਾਥੂ ਰੇਲਵੇ ਸਟੇਸ਼ਨ ਆਉਣ ਤੋਂ ਪਹਿਲਾਂ ਜਨਾਨੀ ਨੂੰ ਥੋੜ੍ਹੀ ਪਰੇਸ਼ਾਨੀ ਹੋਈ। ਟਰੇਨ ਦੇ ਗਾਰਡ ਨੇ ਸਿਰਾਥੂ ਰੇਲਵੇ ਸਟੇਸ਼ਨ 'ਤੇ ਪਤੀ-ਪਤਨੀ ਦੋਹਾਂ ਨੂੰ ਟਰੇਨ ਰੋਕ ਕੇ ਉਤਾਰ ਦਿੱਤਾ।
ਸਟੇਸ਼ਨ 'ਤੇ ਹੀ ਜਨਾਨੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਹਾਂ ਦੀ ਹਾਲਤ ਨਾਜ਼ੁਕ ਦੇਖ ਕੇ ਰੇਲਵੇ ਪੁਲਸ ਮੁਲਾਜ਼ਮਾਂ ਨੇ ਐਂਬੂਲੈਂਸ ਮੰਗਵਾ ਕੇ ਨੇੜਲੇ ਦੇ ਸਰਕਾਰੀ ਹਸਪਤਾਲ ਸਿਰਾਥੂ 'ਚ ਭਰਤੀ ਕਰਵਾ ਦਿੱਤਾ। ਹਾਲਤ ਗੰਭੀਰ ਹੋਣ 'ਤੇ ਜੱਚਾ-ਬੱਚਾ ਦੋਹਾਂ ਨੂੰ ਜ਼ਿਲਾ ਹਸਪਤਾਲ ਮੰਝਨਪੁਰ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਜੁੜਵਾ ਬੱਚਿਆਂ ਨੇ ਦਮ ਤੋੜ ਦਿੱਤਾ। ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਦਾ ਇਲਾਜ ਚੱਲ ਰਿਹਾ ਹੈ। ਜਨਾਨੀ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ। ਜ਼ਿਲਾ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜੁੜਵਾ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ 8ਵੇਂ ਮਹੀਨੇ 'ਚ ਹੋਣ ਕਾਰਨ ਦੋਹਾਂ ਬੱਚਿਆਂ ਦੀ ਸਿਹਤ 'ਚ ਸੁਧਾਰ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।