ਰੁਜ਼ਗਾਰ ਏਜੰਟ ਦੀ ਧੋਖਾਧੜੀ ਦੀ ਸ਼ਿਕਾਰ ਹੋਈ ਕੁੜੀ ਨੂੰ ਬਹਿਰੀਨ ਤੋਂ ਕਰਵਾਇਆ ਗਿਆ ਮੁਕਤ
Wednesday, Apr 12, 2023 - 09:46 AM (IST)
ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਬਹਿਰੀਨ 'ਚ ਭਾਰਤੀ ਦੂਤਘਰ ਦੀ ਮਦਦ ਨਾਲ 23 ਸਾਲਾ ਇਕ ਕੁੜੀ ਨੂੰ ਮੁਕਤ ਕਰਵਾਇਆ ਗਿਆ। ਇਸ ਕੁੜੀ ਨਾਲ 2 ਏਜੰਟਾਂ ਨੇ ਧੋਖਾਧੜੀ ਕੀਤੀ ਸੀ ਅਤੇ ਉਸ ਨੂੰ ਚੰਗੀ ਨੌਕਰੀ ਦਿਵਾਉਣ ਦੇ ਬਹਾਨੇ ਖਾੜੀ ਦੇਸ਼ ਭੇਜ ਦਿੱਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਗੋਆ ਜ਼ਿਲ੍ਹੇ ਦੇ ਤਿਸਵਾੜੀ ਦੀ ਰਹਿਣ ਵਾਲੀ ਕੁੜੀ ਮੰਗਲਵਾਰ ਨੂੰ ਦੁਬਈ ਤੋਂ ਦਿੱਲੀ ਪਹੁੰਚੀ। ਉਹ 17 ਫਰਵਰੀ ਨੂੰ ਖਾੜੀ ਦੇਸ਼ ਲਈ ਰਵਾਨਾ ਹੋਈ ਸੀ। ਅਧਿਕਾਰੀ ਅਨੁਸਾਰ ਬਹਿਰੀਨ ਪਹੁੰਚਣ ਤੋਂ ਬਾਅਦ ਕੁੜੀ ਨੂੰ ਘਰੇਲੂ ਸਹਾਇਕਾ ਦਾ ਕੰਮ ਕਰਨ ਲਈ ਕਿਹਾ ਗਿਆ ਅਤੇ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਦੇ ਮਾਲਕ ਨੇ ਉਸ ਖ਼ਿਲਾਫ਼ ਚੋਰੀ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਅਤੇ ਉਸ ਦਾ ਮੋਬਾਇਲ ਫ਼ੋਨ ਖੋਹ ਲਿਆ।
ਅਧਿਕਾਰੀ ਅਨੁਸਾਰ, ਚੋਰੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਬਹਿਰੀਨ ਦੇ ਅਧਿਕਾਰੀਆਂ ਨੇ ਭਾਰਤੀ ਦੂਤਘਰ ਨੂੰ ਕੁੜੀ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੂਤਘਰ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਅਧਿਕਾਰੀ ਨੇ ਦੱਸਿਆ ਕਿ 14 ਮਾਰਚ ਨੂੰ ਕੁੜੀ ਦੇ ਕਰੀਬੀ ਰਿਸ਼ਤੇਦਾਰ ਨੇ ਮੁੰਬਈ ਅਪਰਾਧ ਸ਼ਾਖਾ ਦਾ ਰੁਖ ਕੀਤਾ। ਉਨ੍ਹਾਂ ਕਿਹਾ ਕਿ ਅਪਰਾਧ ਸ਼ਾਖਾ ਦੀ ਈਕਾਈ-10 ਨੇ ਕੁੜੀ ਦੇ ਰੁਜ਼ਗਾਰ ਏਜੰਟ ਨਾਲ ਸੰਪਰਕ ਕੀਤਾ ਅਤੇ 'ਗਲਫ਼ ਮਹਾਰਾਸ਼ਟਰ ਬਿਜ਼ਨੈੱਸ ਫੋਰਮ' ਦੇ ਅਹੁਦਾ ਅਧਿਕਾਰੀਆਂ ਤੋਂ ਮਾਮਲੇ 'ਚ ਮਦਦ ਮੰਗੀ। ਅਧਿਕਾਰੀ ਨੇ ਦੱਸਿਆ ਕਿ ਦੂਤਘਰ ਦੇ ਅਧਿਕਾਰੀਆਂ ਅਤੇ ਫੋਰਮ ਦੀ ਸੰਯੁਕਤ ਕੋਸ਼ਿਸ਼ ਨਾਲ ਕੁੜੀ ਨੂੰ ਮੁਕਤ ਕਰਵਾ ਕੇ ਭਾਰਤ ਲਿਆਂਦਾ ਜਾ ਸਕਿਆ।