‘ਤੇਰੀਆਂ 6 ਧੀਆਂ ਹੋ ਗਈਆਂ, ਫੀਸ ਵੀ ਨਹੀਂ ਭਰ ਸਕੇਗੀ’, ਇੰਨਾ ਆਖ ਕੇ ਹਸਪਤਾਲ ਨੇ ਬੱਚੀ ਵੇਚ ਕੇ ਕੀਤੀ ਭਰਪਾਈ
Saturday, Sep 10, 2022 - 12:40 PM (IST)
ਸ਼ਾਹਜਹਾਂਪੁਰ (ਬਿਊਰੋ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਇਕ ਪ੍ਰਾਈਵੇਟ ਹਸਪਤਾਲ ਦੇ ਸੰਚਾਲਕ ਨੇ ਇਕ ਔਰਤ ਵਲੋਂ ਜਣੇਪਾ ਫੀਸ ਨਾ ਦੇਣ ਕਾਰਨ ਕਥਿਤ ਤੌਰ ’ਤੇ ਉਸ ਦੀ ਨਵਜਨਮੀ ਬੱਚੀ ਨੂੰ ਕਿਸੇ ਦੂਜੇ ਧਰਮ ਦੇ ਵਿਅਕਤੀ ਨੂੰ ਵੇਚ ਕੇ ਆਪਣੇ ਖਰਚੇ ਦੀ ਭਰਪਾਈ ਕਰ ਲਈ। ਪੁਲਸ ਸੂਤਰਾਂ ਨੇ ਇਸ ਸਬੰਧੀ ਦੱਸਿਆ ਕਿ ਮਾਮਲੇ ਦੇ ਜ਼ੋਰ ਫੜਨ ਪਿੱਛੋਂ ਬੱਚੀ ਨੂੰ ਉਸ ਦੇ ਅਸਲ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ। ਰਿਪੋਰਟ ਦਰਜ ਕਰ ਕੇ ਉਕਤ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ।
ਤੇਰੀਆਂ 6 ਧੀਆਂ ਹੋ ਗਈਆਂ, ਫੀਸ ਵੀ ਨਹੀਂ ਭਰ ਸਕੇਗੀ
ਵਧੀਕ ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਦੱਸਿਆ ਕਿ ਥਾਣਾ ਨਿਗੋਹੀ ਅਧੀਨ ਤ੍ਰਿਲੋਕਪੁਰ ਪਿੰਡ ’ਚ ਰਹਿਣ ਵਾਲੇ ਰਮਾਕਾਂਤ ਨਾਮੀ ਇਕ ਵਿਅਕਤੀ ਦੀ ਪਤਨੀ ਸੰਗੀਤਾ ਨੇ ਬੁੱਧਵਾਰ ਰਾਤ ਇਕ ਬੱਚੀ ਨੂੰ ਜਨਮ ਦਿੱਤਾ ਸੀ। ਕੁਮਾਰ ਮੁਤਾਬਕ ਦੋਸ਼ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਦੂਜੇ ਦਿਨ ਯਾਨੀ ਕਿ ਵੀਰਵਾਰ ਸੰਗੀਤਾ ਕੋਲੋਂ ਇਹ ਕਹਿੰਦਿਆਂ ਬੱਚੀ ਲੈ ਲਈ ਕਿ ਤੁਸੀਂ ਇਸ ਦਾ ਪਾਲਣ-ਪੋਸ਼ਣ ਕਿਵੇਂ ਕਰੋਗੇ। ਹਸਪਤਾਲ ਪ੍ਰਬੰਧਕਾਂ ਨੇ ਸੰਗੀਤਾ ਨੂੰ ਇਹ ਵੀ ਕਿਹਾ ਕਿ ਤੁਹਾਡੇ ਕੋਲ ਪਹਿਲਾਂ ਹੀ 5 ਧੀਆਂ ਹਨ, 6 ਵੀਂ ਦਾ ਤੁਸੀਂ ਕਿਵੇਂ ਪਾਲਣ-ਪੋਸ਼ਣ ਕਰੋਗੇ। ਅਜਿਹੀ ਹਾਲਤ ’ਚ ਤੁਸੀਂ ਹਸਪਤਾਲ ਦੀ ਫੀਸ ਵੀ ਨਹੀਂ ਭਰ ਸਕੋਗੇ। ਇਸ ਪਿੱਛੋਂ ਪ੍ਰਬੰਧਕਾਂ ਨੇ ਇਕ ਮੁਸਲਿਮ ਜੋੜੇ ਨੂੰ ਬੱਚੀ ਵੇਚ ਦਿੱਤੀ ਅਤੇ ਬਦਲੇ ਵਿਚ ਆਪਣੀ ਫੀਸ ਵਸੂਲ ਕਰ ਲਈ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ
ਜ਼ਿਲ੍ਹੇ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਆਰ. ਕੇ. ਗੌਤਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵਧੀਫ ਚੀਫ ਮੈਡੀਕਲ ਅਫ਼ਸਰ ਡਾ. ਰੋਹਤਾਸ ਨਾਲ ਇਕ ਟੀਮ ਨੂੰ ਨਿਗੋਹੀ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦਾ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਉਸ ਨੂੰ ਜਾਂਚ ਦਲ ਵਲੋਂ ਸੀਲ ਕਰ ਦਿੱਤਾ ਗਿਆ ਹੈ, ਜਦਕਿ ਹਸਪਤਾਲ ਦਾ ਸੰਚਾਲਕ ਫਰਾਰ ਹੋ ਚੁੱਕਾ ਹੈ। ਗੌਤਮ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾ ਦਿੱਤੀ ਗਈ ਹੈ, ਜੋ ਜਾਂਚ ਕਰ ਕੇ ਰਿਪੋਰਟ ਦੇਵੇਗੀ।