ਬਲੱਡ ਕੈਂਸਰ ਨਾਲ ਪੀੜਤ ਔਰਤ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

Monday, Sep 09, 2024 - 03:20 PM (IST)

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਬਲੱਡ ਕੈਂਸਰ ਨਾਲ ਜੂਝ ਰਹੀ 22 ਸਾਲਾ ਔਰਤ ਨੇ ਇਕ ਸਰਕਾਰੀ ਹਸਪਤਾਲ 'ਚ 2 ਸਿਹਤਮੰਦ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਡਾਕਟਰ ਇਸ ਨੂੰ ਮੈਡੀਕਲ ਜਗਤ ਦਾ ਦੁਰਲੱਭ ਮਾਮਲਾ ਕਰਾਰ ਦੇ ਰਹੇ ਹਨ। ਸਰਕਾਰੀ ਹਸਪਤਾਲ ਦੇ ਬਲੱਡ ਰੋਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਕਸ਼ੈ ਲਾਹੋਟੀ ਨੇ ਸੋਮਵਾਰ ਨੂੰ ਦੱਸਿਆ ਕਿ ਔਰਤ 'ਕ੍ਰੋਨਿਕ ਮਾਈਲਾਇਡ ਲਊਕੇਮੀਆ' ਦੇ ਨਾਂ ਦੇ ਜਾਨਲੇਵਾ ਬਲੱਡ ਕੈਸਰ ਨਾਲ ਪਹਿਲਾਂ ਤੋਂ ਹੀ ਜੂਝ ਰਹੀ ਹੈ ਅਤੇ ਇਸ ਸਥਿਤੀ 'ਚ ਉਸ ਦਾ ਸੁਰੱਖਿਅਤ ਜਣੇਪਾ ਕਰਵਾਉਣਾ ਜ਼ਾਹਰ ਤੌਰ 'ਤੇ ਚੁਣੌਤੀਆਂ ਨਾਲ ਭਰਿਆ ਸੀ। ਲਾਹੋਟੀ ਨੇ ਦੱਸਿਆ,''ਔਰਤ ਜਦੋਂ ਗਰਭਵਤੀ ਹੋਣ ਤੋਂ ਬਾਅਦ ਸਾਡੇ ਹਸਪਤਾਲ 'ਚ ਦਾਖ਼ਲ ਹੋਈ, ਉਦੋਂ ਉਸ ਦੇ ਸਰੀਰ 'ਚ ਵਾਈਟ ਬਲੱਡ ਕੋਸ਼ਿਕਾਵਾਂ (ਡਬਲਿਊ.ਬੀ.ਸੀ.) ਦੀ ਗਿਣਤੀ ਆਮ ਪੱਧਰ ਤੋਂ ਕਈ ਗੁਣਾ ਜ਼ਿਆਦਾ ਸੀ। ਇਸ ਲਈ ਅਸੀਂ ਗਰਭ ਅਵਸਥਾ ਦੌਰਾਨ ਉਸ ਨੂੰ ਕੈਂਸਰ ਦੀਆਂ ਆਮ ਦਵਾਈਆਂ ਅਤੇ ਕੀਮੋਥੈਰੇਪੀ ਨਹੀਂ ਦੇ ਸਕਦੇ ਸੀ।''

ਉਨ੍ਹਾਂ ਦੱਸਿਆ ਕਿ ਇਸ ਸਥਿਤੀ ਦੇ ਮੱਦੇਨਜ਼ਰ ਦੇਸ਼-ਵਿਦੇਸ਼ ਦੇ ਜਾਣਕਾਰਾਂ ਤੋਂ ਰਾਏ ਲੈਣ ਤੋਂ ਬਾਅਦ ਔਰਤ ਨੂੰ ਖ਼ਾਸ ਦਵਾਈਆਂ ਦਿੱਤੀਆਂ ਗਈਆਂ ਤਾਂ ਕਿ ਮਰੀਜ਼ ਅਤੇ ਉਸ ਦੇ ਗਰਭ 'ਚ ਪਲ ਰਹੇ ਜੁੜਵਾ ਬੱਚਿਆਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ। ਇਸਤਰੀ ਰੋਗ ਮਾਹਿਰ ਡਾ. ਸੁਮਿਤਰਾ ਯਾਦਵ ਨੇ ਦੱਸਿਆ,''ਜਣੇਪੇ ਤੋਂ ਪਹਿਲੇ ਔਰਤ ਨੂੰ ਨਹੀਂ ਦੱਸਿਆ ਗਿਆ ਸੀ ਕਿ ਉਸ ਨੂੰ ਬਲੱਡ ਕੈਂਸਰ ਹੈ। ਅਸੀਂ ਚਾਹੁੰਦੇ ਸੀ ਕਿ ਗਰਭ ਅਵਸਥਾ ਦੌਰਾਨ ਉਸ ਦੀ ਮਾਨਸਿਕ ਸਿਹਤ ਇਕਦਮ ਠੀਕ ਰਹੇ।'' ਉਨ੍ਹਾਂ ਦੱਸਿਆ ਕਿ ਇਸ ਔਰਤ ਨੇ ਨਾਰਮਲ ਡਿਲਿਵਰੀ ਨਾਲ ਇਕ ਮੁੰਡੇ ਤੇ ਇਕ ਕੁੜੀ ਨੂੰ ਜਨਮ ਦਿੱਤਾ। ਫਿਲਹਾਲ ਮਾਂ ਅਤੇ ਉਸ ਦੇ ਜੁੜਵਾ ਬੱਚੇ ਤਿੰਨੋਂ ਸਿਹਤਮੰਦ ਹਨ। ਯਾਦਵ ਨੇ ਦੱਸਿਆ ਕਿ ਇਹ ਔਰਤ ਪਹਿਲੀ ਵਾਰ ਮਾਂ ਬਣੀ ਹੈ ਅਤੇ ਜੁੜਵਾ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਉਸ ਦੇ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਦੁਨੀਆ ਭਰ 'ਚ 'ਕ੍ਰੋਨਿਕ ਮਾਈਲਾਇਡ ਲਊਕੇਮੀਆ' ਨਾਲ ਪੀੜਤ ਔਰਤਾਂ ਦੇ ਸੁਰੱਖਿਅਤ ਜਣੇਪੇ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News