ਕੀ Kangana Ranaut ਜਾਵੇਗੀ ਜੇਲ੍ਹ ? ਜਾਵੇਦ ਅਖ਼ਤਰ ਨਾਲ ਜੁੜਿਆ ਹੈ ਮਾਮਲਾ
Sunday, Jul 21, 2024 - 10:33 AM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ 20 ਜੁਲਾਈ ਨੂੰ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਅਦਾਕਾਰਾ ਅਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਕੰਗਨਾ ਰਣੌਤ 'ਤੇ ਲਗਾਤਾਰ ਅਦਾਲਤ 'ਚ ਪੇਸ਼ ਨਾ ਹੋਣ ਦਾ ਦੋਸ਼ ਹੈ। ਰਣੌਤ ਨੇ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਹੋਣਾ ਸੀ, ਪਰ ਉਹ ਨਹੀਂ ਆਈ।ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?
ਜਾਵੇਦ ਅਖਤਰ ਦੇ ਵਕੀਲ ਨੇ ਦਿੱਤਾ ਇਹ ਬਿਆਨ
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਸ਼ਨੀਵਾਰ ਨੂੰ ਕੋਰਟ 'ਚ ਪੇਸ਼ ਹੋਣਾ ਸੀ। ਜਾਵੇਦ ਅਖ਼ਤਰ ਦੇ ਵਕੀਲ ਜੈ ਭਾਰਦਵਾਜ ਮੁਤਾਬਕ ਕੰਗਨਾ ਨੇ ਅਦਾਲਤ ਤੋਂ ਪੇਸ਼ ਨਾ ਹੋਣ 'ਤੇ ਛੁੱਟੀ ਮੰਗੀ ਸੀ ਪਰ ਅਦਾਲਤ ਨੇ ਕੰਗਨਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕੰਗਨਾ ਅਦਾਲਤ 'ਚ ਪੇਸ਼ ਨਹੀਂ ਹੋਈ। ਜੈ ਭਾਰਦਵਾਜ ਦਾ ਕਹਿਣਾ ਹੈ ਕਿ ਕੰਗਨਾ ਦੀ ਮੰਗ ਠੁਕਰਾਏ ਜਾਣ ਦੇ ਬਾਵਜੂਦ ਅਦਾਕਾਰਾ ਪਿਛਲੀਆਂ ਕਈ ਤਰੀਕਾਂ 'ਤੇ ਅਦਾਲਤ ਨਹੀਂ ਪਹੁੰਚੀ। 1 ਮਾਰਚ 2021 ਨੂੰ ਕੰਗਨਾ ਦੇ ਖਿਲਾਫ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਹਾਲਾਂਕਿ ਕੰਗਨਾ ਨੇ ਇਸ ਨੂੰ ਰੱਦ ਕਰ ਦਿੱਤਾ ਹੈ।
ਕੀ ਕੰਗਨਾ ਖਿਲਾਫ ਜਾਰੀ ਹੋਵੇਗਾ ਵਾਰੰਟ?
ਅਦਾਲਤ 'ਚ ਸੁਣਵਾਈ ਦੌਰਾਨ ਜੈ ਭਾਰਦਵਾਜ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਵਾਰ-ਵਾਰ ਅਦਾਲਤੀ ਕਾਰਵਾਈ 'ਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁਲਜ਼ਮਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਹਾਲਾਂਕਿ ਅਦਾਲਤ ਨੇ ਇਸ ਮੰਗ ਨੂੰ ਟਾਲਦਿਆਂ ਕੰਗਨਾ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ?
ਕੰਗਨਾ ਰਣੌਤ ਅਤੇ ਜਾਵੇਦ ਅਖ਼ਤਰ ਵਿਚਕਾਰ ਕਾਨੂੰਨੀ ਲੜਾਈ ਸਾਲਾਂ ਪੁਰਾਣੀ ਹੈ। ਨਵੰਬਰ 2020 'ਚ ਜਾਵੇਦ ਅਖ਼ਤਰ ਨੇ ਕੰਗਨਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਜਾਵੇਦ ਅਖ਼ਤਰ ਨੇ ਦੱਸਿਆ ਕਿ ਇਕ ਟੀ.ਵੀ. ਇੰਟਰਵਿਊ ਦੌਰਾਨ ਕੰਗਨਾ ਨੇ ਜਾਵੇਦ ਅਖ਼ਤਰ ਨਾਲ 2016 ਦੀ ਮੁਲਾਕਾਤ ਬਾਰੇ ਗੱਲ ਕੀਤੀ ਸੀ। ਇਸ ਦੌਰਾਨ ਕੰਗਨਾ ਨੇ ਜਾਵੇਦ ਅਖ਼ਤਰ 'ਤੇ ਕਈ ਦੋਸ਼ ਲਗਾਏ ਸਨ, ਜਿਸ ਕਾਰਨ ਉਨ੍ਹਾਂ ਦਾ ਅਕਸ ਖਰਾਬ ਹੋਇਆ। ਇਹ ਲੜਾਈ ਇੱਥੇ ਹੀ ਨਹੀਂ ਰੁਕੀ। ਅਦਾਕਾਰਾ ਨੇ ਜਾਵੇਦ ਅਖ਼ਤਰ 'ਤੇ ਫਿਰੌਤੀ, ਅਪਰਾਧਿਕ ਸਾਜ਼ਿਸ਼ ਅਤੇ ਨਿੱਜਤਾ 'ਤੇ ਹਮਲੇ ਦਾ ਮਾਮਲਾ ਵੀ ਦਰਜ ਕਰਵਾਇਆ ਸੀ। 24 ਜੁਲਾਈ 2023 ਨੂੰ ਹੋਈ ਸੁਣਵਾਈ ਦੌਰਾਨ ਮੈਜਿਸਟਰੇਟ ਨੇ ਜ਼ਬਰਦਸਤੀ ਦਾ ਦੋਸ਼ ਖਾਰਜ ਕਰ ਦਿੱਤਾ ਸੀ।