ਸਿੱਖਿਆ ਦੇ ਖੇਤਰ ''ਚ ਭਾਜਪਾ ਦਾ ਕੰਮ ਦੇਖਣ ਲਈ ਸੋਮਵਾਰ ਨੂੰ ਜਾਵਾਂਗਾ ਗੁਜਰਾਤ : ਮਨੀਸ਼ ਸਿਸੋਦੀਆ
Friday, Apr 08, 2022 - 05:55 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਗੁਜਰਾਤ ਦੇ ਸਿੱਖਿਆ ਮੰਤਰੀ ਜੀਤੂ ਵਘਾਨੀ ਦੀਆਂ ਹਾਲ 'ਚ ਆਈਆਂ ਟਿੱਪਣੀਆਂ ਲਈ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਹ ਦੇਖਣ ਲਈ 11 ਅਪ੍ਰੈਲ ਨੂੰ ਗੁਜਰਾਤ ਜਾਣਗੇ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਨੇ ਕੀ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਵਘਾਨੀ ਨੇ ਹਾਲ ਹੀ 'ਚ ਕਿਹਾ ਸੀ ਕਿ ਜਿਹੜੇ ਲੋਕਾਂ ਨੂੰ ਗੁਜਰਾਤ ਦੇ ਸਕੂਲ ਪਸੰਦ ਨਹੀਂ ਹਨ, ਉਹ ਦੂਜੇ ਸੂਬਿਆਂ 'ਚ ਜਾ ਸਕਦੇ ਹਨ। ਇੱਥੇ ਪਾਰਟੀ ਹੈੱਡਕੁਆਰਟਰ 'ਚ ਇਕ ਪ੍ਰੈਸ ਕਾਨਫਰੰਸ 'ਚ ਸਿਸੋਦੀਆ ਨੇ ਉਮੀਦ ਜਤਾਈ ਕਿ ਗੁਜਰਾਤ ਸਰਕਾਰ ਨੇ ਰਾਜ 'ਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਲਈ 'ਕੁਝ ਚੰਗਾ ਕੰਮ' ਕੀਤਾ ਹੋਵੇਗਾ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸਿਸੋਦੀਆ ਨੇ ਪੱਤਰਕਾਰਾਂ ਨੂੰ ਕਿਹਾ,''ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ 27 ਸਾਲਾਂ 'ਚ ਸਿੱਖਿਆ ਖੇਤਰ 'ਚ ਕੀ ਕੰਮ ਕੀਤਾ ਹੈ। ਮੈਂ ਸੂਬੇ ਦੇ ਸਕੂਲਾਂ ਦਾ ਦੌਰਾ ਕਰਨ ਲਈ ਅਗਲੇ ਸੋਮਵਾਰ ਗੁਜਰਾਤ ਜਾਵਾਂਗਾ। ਮੈਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਨੇ ਕੁਝ ਕੰਮ ਕੀਤਾ ਹੋਵੇਗਾ।''
Addressing an Important Press Conference | LIVE https://t.co/tDD23togEM
— Manish Sisodia (@msisodia) April 8, 2022
ਉਨ੍ਹਾਂ ਕਿਹਾ,''ਜੇਕਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ ਤਾਂ ਗੁਜਰਾਤ ਦੇ ਲੋਕਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਅਤੇ ਉਸ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਜਨਾਦੇਸ਼ ਦੇਸ਼ ਦਾ ਮਨ ਬਣਾ ਲਿਆ ਹੈ। ਉਹ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਲਿਆਉਣਗੇ।'' ਵਘਾਨੀ ਨੇ ਬੁੱਧਵਾਰ ਨੂੰ ਇਹ ਕਹਿ ਕੇ ਵਿਵਾਦ ਨੂੰ ਜਨਮ ਦੇ ਦਿੱਤਾ ਸੀ ਕਿ ਜਿਨ੍ਹਾਂ ਨੂੰ ਗੁਜਰਾਤ ਦੀ ਸਿੱਖਿਆ ਪ੍ਰਣਾਲੀ ਤੋਂ ਪਰੇਸ਼ਾਨੀ ਹੈ ਉਹ ਆਪਣੇ ਬੱਚਿਆਂ ਦਾ ਸਕੂਲੀ ਛੁੱਟੀ ਦਾ ਸਰਟੀਫਿਕੇਟ ਲੈ ਕੇ ਦੂਜੇ ਸੂਬਿਆਂ 'ਚ ਜਾ ਸਕਦੇ ਹਨ। ਉਨ੍ਹਾਂ ਨੇ ਸੂਬੇ 'ਚ ਸਰਕਾਰੀ ਸਕੂਲਾਂ ਦੀ ਗੁਣਵੱਤਾ ਬਾਰੇ 'ਆਪ' ਦੀ ਆਲੋਚਨਾ 'ਤੇ ਇਹ ਟਿੱਪਣੀ ਕੀਤੀ ਸੀ। ਆਪਣੇ ਟਿੱਪਣੀ ਨੂੰ ਲੈ ਕੇ ਆਲੋਚਨਾ ਨਾਲ ਘਿਰ ਜਾਣ ਤੋਂ ਬਾਅਦ ਜਿਤੂ ਵਘਾਨੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਮਨ 'ਚ ਸੂਬੇ ਅਤੇ ਉਸ ਦੇ ਲੋਕਾਂ ਦੇ ਪ੍ਰਤੀ ਸਨਮਾਨ ਹੈ ਅਤੇ ਉਨ੍ਹਾਂ ਦਾ ਬਿਆਨ ਉਨ੍ਹਾਂ ਲੋਕਾਂ 'ਤੇ ਨਿਸ਼ਾਨਾ ਸੀ, ਜੋ 'ਅਰਾਜਕਤਾ ਅਤੇ ਅਵਿਵਸਥਾ' ਫੈਲਾਉਣਾ ਚਾਹੁੰਦੇ ਹਨ।