ਆਨਲਾਈਨ ਗੇਮਿੰਗ ਕੰਪਨੀਆਂ ਨੂੰ ਦਿੱਤੇ ਗਏ ਨੋਟਿਸ ਵਾਪਸ ਲੈਣ ਦੀ ਕਰਾਂਗੇ ਮੰਗ : ਆਤਿਸ਼ੀ

Saturday, Oct 07, 2023 - 11:04 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਦਿੱਤੇ ਗਏ 1.5 ਲੱਖ ਕਰੋੜ ਦੇ ਟੈਕਸ ਚੋਰੀ ਦੇ ਨੋਟਿਸ ਉਨ੍ਹਾਂ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਪ੍ਰੀਸ਼ਦ ਦੀ ਬੈਠਕ 'ਚ ਇਨ੍ਹਾਂ ਨੋਟਿਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਦਿੱਲੀ ਦੀ ਵਿੱਤ ਮੰਤਰੀ ਨੇ ਕਿਹਾ ਕਿ ਆਨਲਾਈਨ ਗੇਮਿੰਗ ਖੇਤਰ 50 ਹਜ਼ਾਰ ਨੌਜਵਾਨਾਂ ਦੇ ਰੁਜ਼ਗਾਰ ਦਾ ਜ਼ਰੀਆ ਹੈ ਅਤੇ ਇਹ 17 ਹਜ਼ਾਰ ਕਰੋੜ ਦਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਦਾ ਹੈ, ਇਸ ਲਈ ਜ਼ਰੂਰੀ ਹੈ ਕਿ ਇਸ ਉਦਯੋਗ ਦੀ ਰੱਖਿਆ ਕਰਨ ਲਈ ਟੈਕਸ ਚੋਰੀ ਨਾਲ ਜੁੜੇ ਨੋਟਿਸ ਵਾਪਸ ਲਏ ਜਾਣ। 

 

ਉਨ੍ਹਾਂ ਕਿਹਾ ਕਿ ਅਸਥਿਰ, ਅਨਿਯਮਿਤ ਟੈਕਸ ਵਾਤਾਵਰਣ ਆਨਲਾਈਨ ਗੇਮਿੰਗ ਉਦਯੋਗ 'ਚ ਵਿਦੇਸ਼ੀ ਨਿਵੇਸ਼ਕਾਂ ਨੂੰ ਰੋਕੇਗਾ ਅਤੇ ਦੇਸ਼ 'ਚ ਸਮੁੱਚੇ ਸਟਾਰਟ-ਅੱਪ ਈਕੋਸਿਸਟਮ ਨੂੰ ਪ੍ਰਭਾਵਿਤ ਕਰੇਗਾ। ਆਤਿਸ਼ੀ ਨੇ ਕਿਹਾ ਕਿ 28 ਫ਼ੀਸਦੀ ਟੈਕਸ ਸਮੇਤ ਜੀ.ਐੱਸ.ਟੀ. ਪ੍ਰੀਸ਼ਦ ਦੇ ਪਹਿਲੇ ਦੇ ਫ਼ੈਸਲਿਆਂ ਨੇ ਪ੍ਰਤੀਕੂਲ ਪ੍ਰਭਾਵ ਪਾਇਆ ਹੈ। ਜੀ.ਐੱਸ.ਟੀ. ਪ੍ਰੀਸ਼ਦ ਦੀ ਸ਼ਨੀਵਰ ਨੂੰ ਦਿੱਲੀ 'ਚ ਬੈਠਕ ਹੋਣੀ ਹੈ, ਜਿਸ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਕਰੇਗੀ। ਇਸ ਤੋਂ ਪਹਿਲਾਂ 2 ਅਗਸਤ ਨੂੰ ਹੋਈ ਬੈਠਕ 'ਚ ਪ੍ਰੀਸ਼ਦ ਨੇ ਕਸੀਨੋ, ਹਾਰਸ ਰੇਸਿੰਗ (ਘੋੜਿਆਂ ਦੀ ਦੌੜ) ਅਤੇ ਆਨਲਾਈਨ ਗੇਮਿੰਗ 'ਤੇ ਟੈਕਸ 'ਚ ਸਪੱਸ਼ਟਤਾ ਲਿਆਉਣ ਲਈ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਕਾਨੂੰਨ 'ਚ ਸੋਧ ਨੂੰ ਮਨਜ਼ੂਰੀ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News