ਪਤਨੀ ''ਤੇ ਸੀ ਨਾਜਾਇਜ਼ ਸਬੰਧਾਂ ਦਾ ਸ਼ੱਕ, ਪਤੀ ਨੇ ਚੁੱਕਿਆ ਖੌਫਨਾਕ ਕਦਮ
Tuesday, Jul 16, 2024 - 12:06 AM (IST)
ਇਟਾਵਾ : ਇਟਾਵਾ ਜ਼ਿਲ੍ਹੇ ਦੇ ਸੈਫਈ ਇਲਾਕੇ ਵਿਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਬਾਅਦ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸੀਨੀਅਰ ਪੁਲਸ ਸੁਪਰਡੈਂਟ ਸੰਜੇ ਕੁਮਾਰ ਵਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਸੈਫਈ ਥਾਣਾ ਖੇਤਰ ਦੇ ਨਗਲਾ ਚੈਨਸੁਖ ਪਿੰਡ 'ਚ 14 ਤੇ 15 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਵਨੀਸ਼ ਉਰਫ਼ ਮਨੋਜ ਕੁਮਾਰ (30) ਨੇ ਆਪਣੀ ਪਤਨੀ ਸੋਨਮ (28) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਖ਼ੁਦਕੁਸ਼ੀ ਕਰ ਲਈ।
ਉਸਨੇ ਦੱਸਿਆ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਅਵਨੀਸ਼ ਨੇ ਇੱਕ ਵੀਡੀਓ ਬਣਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਭੇਜੀ ਸੀ, ਜਿਸ ਵਿੱਚ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸਦੀ ਪਤਨੀ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਨਾਲ ਨਜਾਇਜ਼ ਸਬੰਧ ਹਨ, ਉਸਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ। ਅਵਨੀਸ਼ ਨੇ ਵੀਡੀਓ ਵਿਚ ਇਹ ਵੀ ਕਿਹਾ ਕਿ ਜਦੋਂ ਉਸਨੇ ਗੁਆਂਢੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸਨੂੰ ਧਮਕੀਆਂ ਦਿੰਦਾ ਸੀ। ਵਰਮਾ ਮੁਤਾਬਕ ਅਵਨੀਸ਼ ਨੇ ਵੀਡੀਓ 'ਚ ਕਿਹਾ ਕਿ ਇਸ ਸਭ ਤੋਂ ਤੰਗ ਆ ਕੇ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਤੇ ਹੁਣ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰਾਂ ਨੂੰ ਭੇਜੀ ਗਈ ਇਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੋਵਾਂ ਲਾਸ਼ਾਂ ਦਾ ਪੰਚਨਾਮਾ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਅਵਨੀਸ਼ ਅਤੇ ਸੋਨਮ ਦਾ ਵਿਆਹ 2015 'ਚ ਹੋਇਆ ਸੀ ਅਤੇ ਉਨ੍ਹਾਂ ਦਾ ਸੱਤ ਸਾਲ ਦਾ ਬੇਟਾ ਵੀ ਹੈ।